ਅੰਮਿ੍ਰਤਸਰ : ਐਸਜੀਪੀਸੀ ਕੰਪਲੈਕਸ ਸਥਿਤ ਉਸਾਰੀ ਅਧੀਨ ਨਵੇਂ ਲੰਗਰ ਹਾਲ ਦੇ ਮੈਨੇਜਰ ਦੇ ਕਮਰੇ ਦੇ ਬਾਹਰ ਇਕ ਟੈਕਸੀ (ਨੰ. ਐਚਆਰ-37-ਸੀ-0100) ਰੁਕਦੀ ਹੈ। ਟੈਕਸੀ ਤੋਂ ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਬੱਚਨ ਉਤਰਦੀ ਹੈ ਅਤੇ ਬਾਊਂਸਰਾਂ ਨਾਲ ਮੈਨੇਜਰ ਦੇ ਕਮਰੇ ‘ਚ ਚਲੀ ਜਾਂਦੀ ਹੈ। ਸਿਰ ਢੱਕ ਕੇ ਅਤੇ ਪੰਜਾਬੀ ਸੂਟ ਪਾਏ ਐਸ਼ਵਰਿਆ ਨੂੰ ਉਸ ਸਥਾਨ ‘ਤੇ ਲਿਜਾਇਆ ਜਾਂਦਾ ਹੈ, ਜਿੱਥੇ ਕਈ ਅੌਰਤਾਂ ਪ੍ਰਸ਼ਾਦੇ ਤਿਆਰ ਕਰ ਰਹੀਆਂ ਹਨ। ਐਸ਼ਵਰਿਆ ਉਥੇ ਬੈਠਦੀ ਹੈ। ਅੌਰਤਾਂ ਦੇ ਬੈਠਣ ਦਾ ‘ਪੋਜ਼’ ਸਮਝਦੀ ਹੈ। ਫਿਰ ਨਾਲ ਹੀ ਪ੍ਰਸ਼ਾਦੇ ਬਣਾ ਰਹੀ ਇਕ ਬੀਬੀ ਨਿਰਮਲ ਕੌਰ ਦੇ ਨਾਲ ਆ ਕੇ ਬੈਠ ਜਾਂਦੀ ਹੈ। ਰੋਲਿੰਗ…ਕੈਮਰਾ…ਐਕਸ਼ਨ ਦੀ ਆਵਾਜ਼ ਆਉਂਦੇ ਹੀ ਐਸ਼ਵਰਿਆ ਪ੍ਰਸ਼ਾਦੇ ਬਣਾਉਣੇ ਸ਼ੁਰੂ ਕਰ ਦਿੰਦੀ ਹੈ। ਇਕ ਕੈਮਰਾ ਉਸ ‘ਤੇ ਫੋਕਸ ਰਹਿੰਦਾ ਹੈ। ਐਸ਼ਵਰਿਆ 10 ਪ੍ਰਸ਼ਾਦੇ ਬਣਾਉਂਦੀ ਹੈ ਅਤੇ ਫਿਰ ਅਚਾਨਕ ਕੱਟ ਦੀ ਆਵਾਜ਼ ਆਉਂਦੀ ਹੈ। ਇਹ ਆਵਾਜ਼ ਸੀ ਫਿਲਮ ਡਾਇਰੈਕਟਰ ਉਮੇਸ਼ ਕੁਮਾਰ ਦੀ, ਜੋ ਕਿ ਫਿਲਮ ‘ਸਰਬਜੀਤ’ ਲਈ ਕੁਝ ਸ਼ਾਟ ਸ੍ਰੀ ਹਰਿਮੰਦਰ ਸਾਹਿਬ ‘ਚ ਸ਼ੂਟ ਕਰਨ ਪੁੱਜੇ ਸਨ। ਇਹ ਫਿਲਮ ਭਿਖੀਵਿੰਡ ਦੇ ਸਰਬਜੀਤ ਸਿੰਘ ਦੇ ਜੀਵਨ ‘ਤੇ ਆਧਾਰਤ ਹੈ, ਜਿਸ ਨੂੰ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ‘ਚ ਮਾਰ ਦਿੱਤਾ ਗਿਆ ਸੀ। ਫਿਲਮ ‘ਚ ਐਸ਼ਵਰਿਆ ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਕਿਰਦਾਰ ਨਿਭਾਅ ਰਹੀ ਹੈ, ਜਦਕਿ ਰਣਦੀਪ ਹੁੱਡਾ ਸਰਬਜੀਤ ਅਤੇ ਰਿਚਾ ਚੱਢਾ ਸਰਬਜੀਤ ਦੀ ਪਤਨੀ ਸੁਖਜੀਤ ਕੌਰ ਬਣੀ ਹੈ।
ਕੁਝ ਦੇਰ ਬਾਅਦ ਫਿਲਮ ਦਾ ਦੂਜਾ ਸੀਨ ਸ਼ੁਰੂ ਹੁੰਦਾ ਹੈ। ਕੈਮਰਾ ਭਾਂਡਿਆਂ ਦੀ ਸੇਵਾ ਵਾਲੇ ਸਥਾਨ ‘ਤੇ ਲੱਗਾ ਹੈ। ਐਸ਼ਵਰਿਆ ਪਹਿਲਾਂ ਤੋਂ ਨਿਰਧਾਰਤ ਭਾਂਡਿਆਂ ਦੀ ਸੇਵਾ ਵਾਲੇ ਸਥਾਨ ‘ਤੇ ਪੁੱਜਦੀ ਹੈ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਭਾਂਡੇ ਧੋਣੇ ਸ਼ੁਰੂ ਕਰ ਦਿੰਦੀ ਹੈ। ਕਰੀਬ ਵੀਹ ਮਿੰਟ ਤਕ ਦੋਵਾਂ ਸਥਾਨਾਂ ਦੀ ਸ਼ੂਟਿੰਗ ਤੋਂ ਬਾਅਦ ਉਹ ਮੈਨੇਜਰ ਦੇ ਕਮਰੇ ‘ਚ ਆਉਂਦੀ ਹੈ ਅਤੇ ਫਿਰ ਪਰਤ ਜਾਂਦੀ ਹੈ। ਇਸ ਤੋਂ ਪਹਿਲਾਂ ਸਵੇਰੇ ਸਾਢੇ 10 ਵਜੇ ਐਸ਼ਵਰਿਆ ਰਾਏ ਸ੍ਰੀ ਹਰਿਮੰਦਰ ਸਾਹਿਬ ਦੇ ਆਟਾ ਮੰਡੀ ਚੌਕ ਦੇ ਪ੍ਰਵੇਸ਼ ਦੁਆਰ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ। ਉਥੇ ਇਕ ਸ਼ਾਟ ਓਕੇ ਹੁੰਦਾ ਹੈ। ਲਗਪਗ 11 ਵਜੇ ਐਸਜੀਪੀਸੀ ਕੰਪਲੈਕਸ ਸਥਿਤ ਮਾਤਾ ਗੰਗਾ ਜੀ ਨਿਵਾਸ ਸਥਾਨ ‘ਤੇ ਪੁੱਜਦੀ ਹੈ। ਕਮਰਾ ਨੰਬਰ ਇਕ ‘ਚ ਠਹਿਰੀ ਐਸ਼ਵਰਿਆ ਰਾਏ ਲਗਪਗ ਚਾਰ ਘੰਟਿਆਂ ਤਕ ਕਮਰੇ ‘ਚ ਸਖ਼ਤ ਸੁਰੱਖਿਆ ‘ਚ ਰਹੀ। ਐਸ਼ਵਰਿਆ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਵੀ ਟੇਕਿਆ। ਐਸ਼ਵਰਿਆ ਦੀ ਇਕ ਝਲਕ ਪਾਉਣ ਲਈ ਉਥੇ ਸੈਂਕੜੇ ਸ਼ਰਧਾਲੂ ਇਕੱਠੇ ਹੋ ਗਏ। ਬਾਊਂਸਰਾਂ ਨੇ ਕਈ ਵਾਰ ਸ਼ਰਧਾਲੂਆਂ ਨੂੰ ਉਥੋਂ ਹਟਾਇਆ।
ਕੈਮਰਾਮੈਨ ਨਾਲ ਉਲਝੇ ਬਾਊਂਸਰ
ਐਸ਼ਵਰਿਆ ਰਾਏ ਆਟਾ ਮੰਡੀ ਪ੍ਰਵੇਸ਼ ਦੁਆਰ ਤੋਂ ਅੰਦਰ ਪਰਿਕਰਮਾ ‘ਚ ਮੱਥਾ ਟੇਕਣ ਆਈ ਤਾਂ ਮੀਡੀਆ ਦੇ ਹਜੂਮ ਕਾਰਨ ਸ਼ੂਟਿੰਗ ਰੁਕ ਗਈ। ਇਸ ‘ਤੇ ਕੁਝ ਕੈਮਰਾਮੈਨਾਂ ਨਾਲ ਬਾਊਂਸਰ ਉਲਝ ਪਏ। ਇਕ ਅੰਗਰੇਜ਼ੀ ਅਖ਼ਬਾਰ ਦੇ ਕੈਮਰਾਮੈਨ ਦੀ ਧੱਕਾ-ਮੁੱਕੀ ‘ਚ ਜੈਕਟ ਫਟ ਗਈ। ਇਸ ਨਾਲ ਸ਼ੂਟਿੰਗ ਚਾਰ ਘੰਟਿਆਂ ਤਕ ਰੁਕੀ ਰਹੀ।
ਦਲਬੀਰ ਕੌਰ ਨਾਲ ਨਹੀਂ ਹੋਈ ਐਸ਼ਵਰਿਆ ਦੀ ਮੁਲਾਕਾਤ
ਐਸ਼ਵਰਿਆ ਰਾਏ ਦੇ ਕਮਰੇ ਦੇ ਕੋਲ ਵਾਲੇ ਕਮਰੇ ਵਿਚ ਦਲਬੀਰ ਕੌਰ ਵੀ ਆਪਣੀ ਭਤੀਜੀ ਪੂਨਮ ਨਾਲ ਠਹਿਰੀ ਸੀ। ਹਾਲਾਂਕਿ ਦੋਵਾਂ ਵਿਚ ਮੁਲਾਕਾਤ ਨਹੀਂ ਹੋਈ। ਸ਼ੂਟਿੰਗ ਰੁਕਣ ਨਾਲ ਦਲਬੀਰ ਕੌਰ ਵੀ ਨਿਰਾਸ਼ ਸੀ। ਉਨ੍ਹਾਂ ਕਿਹਾ ਕਿ ਐਸ਼ਵਰਿਆ ਜਦੋਂ ਵਿਹਲੀ ਹੋਵੇਗੀ ਤਾਂ ਉਨ੍ਹਾਂ ਨੂੰ ਮਿਲੇਗੀ।
ਐਸਜੀਪੀਸੀ ਨੇ ਪਵਿੱਤਰ ਪਰਿਕਰਮਾ ‘ਚ ਨਹੀਂ ਕਰਨ ਦਿੱਤੀ ਸ਼ੂਟਿੰਗ
ਐਸਜੀਪੀਸੀ ਨੇ ਫਿਲਮ ਦੀ ਸ਼ੂਟਿੰਗ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਐਸ਼ਵਰਿਆ ਜਦੋਂ ਪਰਿਕਰਮਾ ਵਿਚ ਸ਼ੂਟਿੰਗ ਕਰਨ ਪੁੱਜੀ ਤਾਂ ਉਥੇ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਜਾਂਦੀ ਸੀ। ਗੁਰ ਮਰਿਆਦਾ ਨੂੰ ਧਿਆਨ ਵਿਚ ਰੱਖਦੇ ਹੋਏ ਐਸਜੀਪੀਸੀ ਨੇ ਪਰਿਕਰਮਾ ‘ਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ।
from Punjab News – Latest news in Punjabi http://ift.tt/1LlYrSB
0 comments