ਫ਼ਰੀਦਕੋਟ : ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਫਰੀਦਕੋਟ ਨੇ ਜਰਮਨ ਦੇ ਸਿਹਤ ਵਿਗਿਆਨੀਆਂ ਦੀ ਮਦਦ ਨਾਲ ਇੱਥੇ ਇਕ ਸਰਵੇਖਣ ਰਿਪੋਰਟ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਦੇ ਸਰੀਰ ਵਿਚ ਨੁਕਸਾਨਦੇਹ ਧਾਤਾਂ ਦੇ ਜ਼ਹਿਰ ਦੀ ਬਹੁਤਾਤ ਹੈ ਤੇ ਇਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਰਕੇ ਬੱਚਿਆਂ ਵਿਚ ਮਾਨਸਿਕ ਅਪਹਾਜਤਾ, ਆਟਿਜ਼ਮ ਤੇ ਸਰੀਰ ‘ਚ ਹੋਰ ਭਿਆਨਕ ਵਿਗਾੜ ਪੈਦਾ ਹੋ ਰਹੇ ਹਨ। 120 ਬੱਚਿਆਂ ਦੀ ਸਿਹਤ-ਪਰਖ ਤੋਂ ਬਾਅਦ ਜਾਰੀ ਕੀਤੀ ਗਈ ਸਰਵੇ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬੱਚਿਆਂ ਦੇ ਸਰੀਰ ਵਿਚ ਲੈੱਡ, ਨਿੱਕਲ, ਆਰਸੈਨਿਕ, ਐਲੂਮੀਨੀਅਮ, ਮੈਗਨੀਜ਼, ਮਲਿਬਡਿਨਾਮ, ਮਰਕਰੀ, ਬੇਰੀਅਮ, ਥੈਲੀਅਮ, ਤਾਂਬਾ, ਲੋਹਾ, ਮਿੱਟੀ ਤੇ ਕੈਡੀਮੀਅਮ 900 ਤੋਂ ਲੈ ਕੇ 2000 ਫੀਸਦੀ ਤਕ ਵੱਧ ਪਾਇਆ ਗਿਆ ਹੈ। ਬੱਚਿਆਂ ਦੀ ਸਿਹਤ ਦੇ ਮਾਹਰ ਐਮਡੀ. ਡਾ. ਅਮਰ ਸਿੰਘ ਆਜ਼ਾਦ ਤੇ ਬਾਬਾ ਫਰੀਦ ਸੈਂਟਰ ਦੇ ਸੰਚਾਲਕ ਡਾ. ਪਿ੍ਰਤਪਾਲ ਸਿੰਘ ਨੇ ਕਿਹਾ ਕਿ ਸਰੀਰ ਵਿਚ ਜ਼ਹਿਰੀਲੀਆਂ ਧਾਤਾਂ ਦੀ ਬਹੁਤਾਤ ਦੀ ਮੁੱਖ ਵਜ੍ਹਾ ਸਟੀਲ, ਨਿੱਕਲ ਤੇ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਤੇ ਥਰਮਲ ਪਲਾਂਟਾਂ ਵਿਚ ਵਰਤਿਆ ਜਾ ਰਿਹਾ ਕੋਲਾ ਵੀ ਹੈ। ਡਾ. ਅਜ਼ਾਦ ਨੇ ਕਿਹਾ ਕਿ ਜ਼ਹਿਰੀਲੀਆਂ ਧਾਤਾਂ ਦੇ ਅੰਸ਼ ਪੰਜਾਬ ਨੂੰ ਭਿਆਨਕ ਬਿਮਾਰੀਆਂ ਵੱਲ ਲਿਜਾ ਰਹੇ ਹਨ ਤੇ ਇਹ ਧਾਤਾਂ ਮਾਂ ਦੇ ਗਰਭ ਵਿਚ ਪਲ ਰਹੇ ਬੱਚੇ ਉੱਤੇ ਸਭ ਤੋਂ ਬੁਰਾ ਅਸਰ ਪਾਉਂਦੀਆਂ ਹਨ। ਡਾ. ਅਜ਼ਾਦ ਨੇ ਅੱਗੇ ਕਿਹਾ ਕਿ ਇਸ ਸਰਵੇਖਣ ਤੋਂ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ 80 ਫ਼ੀਸਦੀ ਬੱਚੇ ਜੋ ਆਟਿਜ਼ਮ ਦਾ ਸ਼ਿਕਾਰ ਸਨ, ਉਹ ਬਚਪਨ ਦੇ ਸ਼ੁਰੂਆਤੀ ਦੌਰ ਵਿਚ ਤੰਦਰੁਸਤ ਸਨ ਅਤੇ ਜਮਾਂਦਰੂ ਤੌਰ ‘ਤੇ ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਸੀ ਪਰ 2 ਤੋਂ 3 ਸਾਲ ਵਰਗ ਦੇ ਉਮਰ ਇਨ੍ਹਾਂ ਬੱਚਿਆਂ ਵਿਚ ਆਟਿਜ਼ਮ ਦੇ ਲੱਛਣ ਦਿਸਣ ਲੱਗ ਪਏ। ਡਾ. ਪਿ੍ਰਤਪਾਲ ਸਿੰਘ ਨੇ ਦੱਸਿਆ ਕਿ 120 ਬੱਚਿਆਂ ਵਿੱਚੋਂ 35 ਬੱਚਿਆਂ ਦਾ ਚਿਲੈਸ਼ਨ (ਸਰੀਰ ‘ਚੋਂ ਜ਼ਹਿਰ/ਧਾਤਾਂ ਬਾਹਰ ਕੱਢਣ ਦੀ ਪ੍ਰਕਿਰਿਆ) ਵਿਧੀ ਰਾਹੀਂ ਇਲਾਜ ਕੀਤਾ ਗਿਆ ਜਿਸ ਵਿੱਚੋਂ 74 ਫ਼ੀਸਦੀ ਬੱਚਿਆਂ ਵਿਚ ਬਹੁਤ ਹੱਦ ਤਕ ਸੁਧਾਰ ਹੋਇਆ ਹੈ, ਜਿਸ ਤੋਂ ਇਹ ਸਪੱਸ਼ਟ ਹੈ ਕਿ ਇਹ ਭਾਰੀ ਧਾਂਤਾਂ ਹੀ ਆਟਿਜ਼ਮ ਦੀ ਮੱੁਖ ਵਜ੍ਹਾ ਹਨ। ਉਨ੍ਹਾਂ ਕਿਹਾ ਕਿ ਲੈੱਡ ਤੇ ਆਰਸੈਨਿਕ ਬਹੁਤ ਹੀ ਜ਼ਹਿਰੀਲੀਆਂ ਧਾਤਾਂ ਹਨ, ਜੇ ਖੂਨ ਵਿਚ ਇਕ ਡੈਸੀਲਿਟਰ ਲੈੱਡ ਦੀ ਮਾਤਰਾ ਵਧਦੀ ਹੈ ਤਾਂ 2-3 ਪੁਆਇੰਟ ਬੱਚੇ ਦਾ ਬੌਧਿਕ ਵਿਕਾਸ (ਆਈਕਿਊ) ਘੱਟ ਜਾਂਦਾ ਹੈ ਪਰ ਉਪਰੋਕਤ ਬੱਚਿਆਂ ਵਿਚ 2 ਹਜ਼ਾਰ ਫੀਸਦੀ ਤੋਂ ਵੀ ਜ਼ਿਆਦਾ ਲੈੱਡ ਦੀ ਮਿਕਦਾਰ ਵੇਖੀ ਗਈ ਹੈ ਜੋ ਕਿ ਕੌਮਾਂਤਰੀ ਪੱਧਰ ‘ਤੇ ਵਿਗਿਆਨੀਆਂ ਲਈ ਚਿੰਤਾ ਦਾ ਵਿਸ਼ਾ ਹੈ। ਡਾ. ਅਜ਼ਾਦ ਨੇ ਕਿਹਾ ਕਿ ਤੰਦਰੁਸਤ ਸਿਹਤ ਲਈ ਕੀਟਨਾਸ਼ਕ, ਨਦੀਨਨਾਸ਼ਕ, ਦਵਾਈਆਂ, ਰੰਗ ਰੋਗਨ, ਮੇਕਅਪ ਆਦਿ ਦੀ ਵਰਤੋਂ ਬੇਹੱਦ ਸੰਜਮ ਨਾਲ ਹੋਣੀ ਚਾਹੀਦੀ ਹੈ ਨਹੀਂ ਤਾਂ ਜਲਦੀ ਹੀ ਮਨੁੱਖੀ ਸਰੀਰ ਉੱਪਰ ਹੋਰ ਵੀ ਭਿਆਨਕ ਬਿਮਾਰੀਆਂ ਲੱਗਣ ਦੇ ਆਸਾਰ ਹਨ। ਸਰਵੇਖਣ ਟੀਮ ਵਿਚ ਡਾ. ਬਲਾਰਕ ਬੁਸ਼ ਜਰਮਨ, ਸਾਊਥ ਅਫਰੀਕਾ ਦੀ ਡਾ. ਕੈਰਿਨ ਸਮਿਥ ਵੀ ਸ਼ਾਮਲ ਸਨ। ਜਿਨ੍ਹਾਂ ਨੇ 120 ਬੱਚਿਆਂ ਦੇ ਲਏ ਵੱਖ-ਵੱਖ ਨਮੂਨਿਆਂ ਉੱਤੇ ਇਕ ਸਾਲ ਦੇ ਅਰਸੇ ਤਕ ਖੋਜ ਕਰਕੇ ਉਪਰੋਕਤ ਸਰਵੇਖਣ ਰਿਪੋਰਟ ਨਸ਼ਰ ਕੀਤੀ ਹੈ।
from Punjab News – Latest news in Punjabi http://ift.tt/1KggSgC
0 comments