ਪੰਜਾਬ ਵਿੱਚ ਚੌਥੀ ਸਿਆਸੀ ਧਿਰ ਹੋਈ ਖਡ਼੍ਹੀ; ਗੁਰਦੀਪ ਸਿੰਘ ਬਠਿੰਡਾ ਨੇ ਬਾਦਲ ਦਾ ਅਸਤੀਫ਼ਾ ਮੰਗਿਆ
ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਮਹਾਂਗੱਠਜੋਡ਼ ਬਾਰੇ ਜਾਣਕਾਰੀ ਦਿੰਦੇ ਹੋਏ
ਚੰਡੀਗਡ਼੍ਹ, 6 ਫਰਵਰੀ : ਸਰਬੱਤ ਖ਼ਾਲਸਾ ਨਾਲ ਜੁਡ਼ੀਆਂ ਧਿਰਾਂ ਵੱਲੋਂ ਮਹਾਂਗੱਠਜੋਡ਼ ਬਣਾ ਕੇ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਡ਼ੀਆਂ ਜਾਣਗੀਆਂ। ਇਸ ਤਰ੍ਹਾਂ ਹੁਣ ਪੰਜਾਬ ਵਿੱਚ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਤੋਂ ਇਲਾਵਾ ਚੌਥੀ ਸਿਆਸੀ ਧਿਰ ਖਡ਼੍ਹੀ ਹੋ ਗਈ ਹੈ।
ਯੂਨਾਈਟਿਡ ਅਕਾਲੀ ਦਲ, ਪੰਜਾਬ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਇੱਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਖ਼ੁਲਾਸਾ ਕੀਤਾ ਕਿ ਸਰਬੱਤ ਖ਼ਾਲਸਾ ਨਾਲ ਸਬੰਧਤ ਧਿਰਾਂ ਕਿਸਾਨਾਂ, ਦਲਿਤਾਂ, ਘੱਟ ਗਿਣਤੀਆਂ ਅਤੇ ਸਮਾਜਕ ਜਥੇਬੰਦੀਆਂ ਨਾਲ ਮਹਾਂਗੱਠਜੋਡ਼ ਕਰ ਕੇ ਚੋਣ ਮੈਦਾਨ ਵਿੱਚ ਨਿੱਤਰਨਗੀਆਂ। ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਮੌਕੇ ਸੰਗਤ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਕਾਰ ਦਿੱਤਾ ਗਿਆ ਸੀ, ਜਿਸ ਕਾਰਨ ਸ੍ਰੀ ਬਾਦਲ ਨੂੰ ਖ਼ੁਦ ਹੀ ਅਸਤੀਫ਼ਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਬਾਦਲ ਸਰਕਾਰ ਤੋਂ ਮੂੰਹ ਮੋਡ਼ ਲੈਣ ਤੋਂ ਬਾਅਦ ਹੀ ਸਿੱਖ ਧਿਰਾਂ ਨੇ ਪੰਜਾਬ ਦੇ ਚੋਣ ਮੈਦਾਨ ਵਿੱਚ ਨਿਤਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਸ੍ਰੀ ਬਾਦਲ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਹੁਣ ਰਲ ਕੇ ਸਿਆਸੀ ਡਰਾਮੇ ਕਰ ਰਹੀਆਂ ਹਨ। ਸ੍ਰੀ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਥਿਤ ਤੌਰ ’ਤੇ ਇਕ-ਦੂਜੇ ਵੱਲੋਂ ਕੀਤੇ ਘਪਲਿਆਂ ਬਾਰੇ ਖਾਮੋਸ਼ ਹਨ। ਉਨ੍ਹਾਂ ਕਿਹਾ ਕਿ ਸਰਬੱਤ ਖ਼ਾਲਸਾ ਨਾਲ ਜੁਡ਼ੀਆਂ ਧਿਰਾਂ ਅਕਾਲੀਆਂ ਅਤੇ ਕਾਂਗਰਸੀਆਂ ਦਾ ਚੋਣਾਂ ਦੌਰਾਨ ਸਿਆਸੀ ਸਫਾਇਆ ਕਰ ਦੇਣਗੀਆਂ। ਭਾਈ ਗੁਰਦੀਪ ਸਿੰਘ ਨੇ ਹੋਰ ਆਗੂਆਂ ਬਹਾਦਰ ਸਿੰਘ ਰਾਹੋਂ, ਗੁਰਨਾਮ ਸਿੰਘ ਸਿੱਧੂ, ਜਤਿੰਦਰ ਸਿੰਘ ਈਸਡ਼ੂ, ਜੰਗ ਸਿੰਘ, ਰਵਿੰਦਰ ਸਿੰਘ ਗੋਗੀ, ਡਾਕਟਰ ਅਨਵਰ ਅਹਿਮਦ ਮਲੇਰਕੋਟਲਾ, ਡਾਕਟਰ ਭਗਵਾਨ ਸਿੰਘ, ਪਵਨਦੀਪ ਸਿੰਘ ਆਦਿ ਸਮੇਤ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਵੱਲੋਂ 12 ਫਰਵਰੀ ਨੂੰ ਫ਼ਤਿਹਗਡ਼੍ਹ ਸਾਹਿਬ ਵਿਖੇ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਮਨਾਏ ਜਾ ਰਹੇ ਜਨਮ ਦਿਨ ਸਮਾਗਮ ਵਿੱਚ ਉਨ੍ਹਾਂ ਦੀ ਪਾਰਟੀ ਵੱਡੇ ਪੱਧਰ ’ਤੇ ਸ਼ਾਮਲ ਹੋਵੇਗੀ।
ਸਰਬੱਤ ਖਾਲਸਾ ਨਾਲ ਜੁਡ਼ੀਆਂ ਧਿਰਾਂ 27 ਫਰਵਰੀ ਨੂੰ ਬਰਗਾਡ਼ੀ ਤੋਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਸ਼ਾਂਤਮਈ ਢੰਗ ਨਾਲ ਮਨੁੱਖੀ ਲਡ਼ੀ ਬਣਾਉਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਬੱਤ ਖ਼ਾਲਸਾ ਮੌਕੇ 13 ਮੁੱਦਿਆਂ ਦੇ ਮਤੇ ਪਾਸ ਕੀਤੇ ਸਨ ਅਤੇ ਇਨ੍ਹਾਂ ਵਿੱਚ ਖ਼ਾਲਿਸਤਾਨ ਦਾ ਏਜੰਡਾ ਨਹੀਂ ਸੀ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਸਰਬੱਤ ਖ਼ਾਲਸਾ ਨੂੰ ਹਊਆ ਬਣਾ ਕੇ ਰਾਜ ਦੇ ਵੱਖ-ਵੱਖ ਫਿਰਕਿਆਂ ਨੂੰ ਤੋਡ਼ਨ ਦਾ ਯਤਨ ਕੀਤਾ ਹੈ। ਸਰਬੱਤ ਖ਼ਾਲਸਾ ਦੌਰਾਨ ਸੰਵਿਧਾਨ ਦੇ ਘੇਰੇ ਵਿੱਚ ਰਹਿ ਕੇ ਹੀ ਸਿੱਖਾਂ ਲਈ ਖ਼ੁਦ ਮੁਖਤਿਆਰ ਖਿੱਤੇ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਬਾਦਲਾਂ ਨੇ ਸਦਭਾਵਨਾ ਨਹੀਂ ਸਗੋਂ ‘ਮੰਦਭਾਵਨਾ’ ਰੈਲੀਆਂ ਕਰ ਕੇ ਫਿਰਕੂ ਵੰਡੀਆਂ ਪਾਉਣ ਦਾ ਯਤਨ ਕੀਤਾ ਹੈ। ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ, ਸੰਵਿਧਾਨ ਜਾਂ ਜਮਹੂਰੀਅਤ ਨਾਮ ਦੀ ਕੋਈ ਸ਼ੈਅ ਨਹੀਂ ਹੈ ਅਤੇ ਬਾਦਲਾਂ ਦੇ ਸਿਆਸੀ ਵਿਰੋਧੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੇਤ ਭਾਈ ਮੋਹਕਮ ਸਿੰਘ ਉਪਰ ਕਾਨੂੰਨ ਦੀ ਉਲੰਘਣਾ ਕਰ ਕੇ ਨਿੱਤ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਿੰਘਾਂ ਦੀ ਰਿਹਾਈ, ਬਰਗਾਡ਼ੀ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਦਿ ਮੁੱਦਿਆਂ ਸਬੰਧੀ ਇਨਸਾਫ਼ ਲੈਣ ਲਈ ਜੱਦੋ ਜਹਿਦ ਕਰ ਰਹੇ ਹਨ।
‘ਸਿੱਖ ਮੁੱਦਿਆਂ ਬਾਰੇ ‘ਆਪ’ ਸੰਜੀਦਾ ਨਹੀਂ’
ਭਾਈ ਗੁਰਦੀਪ ਸਿੰਘ ਨੇ ਕਿਹਾ ਕਿ ‘ਆਪ’ ਦੀ ਸਿੱਖ ਮਸਲਿਆਂ ਬਾਰੇ ਕੋਈ ਸਮਝ ਨਹੀਂ ਬਣੀ ਅਤੇ ਨਾ ਹੀ ਇਹ ਪਾਰਟੀ ਸਿੱਖ ਮੁੱਦਿਆਂ ਬਾਰੇ ਸੰਜੀਦਾ ਜਾਪਦੀ ਹੈ। ਇਸ ਕਾਰਨ ਸਿੱਖ ਧਿਰਾਂ ਆਪਣੇ ਗੱਠਜੋਡ਼ ਵਿੱਚੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਵੀ ਬਾਹਰ ਰੱਖਣਗੀਆਂ।
from Punjab News – Latest news in Punjabi http://ift.tt/1K5Vniu
0 comments