ਨੀਲ ਗਾਂ ਸ਼ਿਕਾਰ ਮਾਮਲਾ: ਮੁਲਜ਼ਮ ਜਸਵਿੰਦਰ ਸਿੰਘ ਨਿਆਂਇਕ ਹਿਰਾਸਤ ਵਿੱਚ

ਪੋਸਟਮਾਰਟਮ ਮਗਰੋਂ ਨੀਲ ਗਾਂ ਨੂੰ ਦਫ਼ਨਾਇਆ; ਕਿਸਾਨਾਂ ਨੇ ਕੱਲ੍ਹ ਭੰਨੀ ਸੀ ਮੁਲਜ਼ਮਾਂ ਦੀ ਜੀਪ
ਖੇਤਾਂ ਵਿੱਚ ਖੜ੍ਹੀ ਸ਼ਿਕਾਰੀਆਂ ਦੀ ਭੰਨੀ ਹੋਈ ਜੀਪ।

ਲੰਬੀ, 6 ਫਰਵਰੀ : ਪਿੰਡ ਵਣਵਾਲਾ ਵਿੱਚ ਜੀਪ ਤੇ ਐਸਯੂਵੀ ਸਵਾਰ ਵਿਅਕਤੀਆਂ ਵੱਲੋਂ ਨੀਲ ਗਾਂ ਦਾ ਸ਼ਿਕਾਰ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਥਿਤ ਮੁਲਜ਼ਮ ਜਸਵਿੰਦਰ ਸਿੰਘ ਸਿੰਘੇਵਾਲਾ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਅੱਜ ਡਾਕਟਰਾਂ ਨੇ ਨੀਲ ਗਾਂ ਦਾ ਪੋਸਟਮਾਰਟਮ ਕੀਤਾ। ਇਸ ਮਗਰੋਂ ਜੰਗਲਾਤ ਅਤੇ ਵਣ ਪ੍ਰਾਣੀ ਸੁਰੱਖਿਆ ਵਿਭਾਗ ਨੇ ਲਾਸ਼ ਡਰੇਨ ਕੰਢੇ ਦਫ਼ਨਾ ਦਿੱਤੀ।
ਜ਼ਿਕਰਯੋਗ ਹੈ ਕਿ ਕੱਲ੍ਹ ਜੀਪ ਅਤੇ ਐਸਯੂਵੀ ਸਵਾਰ 8-9 ਵਿਅਕਤੀਆਂ ਨੇ ਪਿੰਡ ਵਣਵਾਲਾ ਦੇ ਖੇਤਾਂ ਵਿੱਚ ਨੀਲ ਗਾਂ ਦਾ ਸ਼ਿਕਾਰ ਕੀਤਾ ਸੀ। ਇਸ ਮਾਮਲੇ ਵਿੱਚ ਜੰਗਲਾਤ ਅਤੇ ਵਣ ਪ੍ਰਾਣੀ ਸੁਰੱਖਿਆ ਵਿਭਾਗ ਨੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਕਿ ਬਾਕੀ ਵਿਅਕਤੀ ਫ਼ਰਾਰ ਹੋ ਗਏ ਸਨ। ਕਥਿਤ ਮੁਲਜ਼ਮ ਜਸਵਿੰਦਰ ਸਿੰਘ ਦੀ ਉਮਰ ਲਗਪਗ 19-20 ਸਾਲ ਦੱਸੀ ਜਾਂਦੀ ਹੈ। ਸੂਤਰਾਂ ਅਨੁਸਾਰ ਵਿਭਾਗ ਨੇ ਨੀਲ ਗਾਂ ਦੇ ਸ਼ਿਕਾਰ ਲਈ ਵਰਤੀ ਐਸਯੂਵੀ ਅਤੇ ਹੋਰ ਮੁਲਜ਼ਮਾਂ ਦੀ ਸ਼ਨਾਖ਼ਤ ਲਗਭਗ ਕਰ ਲਈ ਹੈ ਪਰ ਇਸ ਬਾਰੇ ਪੁਸ਼ਟੀ ਨਹੀਂ ਹੋ ਸਕੀ। ਨੀਲ ਗਾਂ ਹੱਤਿਆ ਵਿੱਚ ਸ਼ਾਮਲ ਵਿਅਕਤੀਆਂ ਨੂੰ ਸੱਤਾ ਪੱਖ ਦੇ ਲੋਕਾਂ ਦੀ ਪੁਸ਼ਤਪਨਾਹੀ ਹਾਸਲ ਹੋਣ ਕਰ ਕੇ ਕਾਨੂੰਨੀ ਸ਼ਿਕੰਜੇ ਵਿੱਚ ਆਉਣ ਬਾਰੇ ਆਮ ਲੋਕਾਂ ਵੱਲੋਂ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਪਤਾ ਲੱਗਿਆ ਹੈ ਕਿ ਇਸ ਮਾਮਲੇ ਦੇ ਬਾਕੀ ਮੁਲਜ਼ਮਾਂ ਨੂੰ ਬਚਾਉਣ ਲਈ ਸਿਆਸੀ ਦਬਾਅ ਲਗਾਤਾਰ ਜਾਰੀ ਹੈ। ਕਨਸੋਆਂ ਅਨੁਸਾਰ ਇਸ ਮਾਮਲੇ ਦੇ ਅਸਲ ਤਾਰ ਵੜਿੰਗਖੇੜਾ ਅਤੇ ਲੁਹਾਰਾ ਵਗੈਰਾ ਨਾਲ ਜੁੜੇ ਦੱਸੇ ਜਾਂਦੇ ਹਨ, ਜਦੋਂ ਕਿ ਸੂਤਰਾਂ ਨੇ ਮਾਮਲੇ ਦੀਆਂ ਕੜੀਆਂ ਮਾਲੇਰਕੋਟਲਾ ਤੱਕ ਪੁੱਜਣ ਗੱਲ ਆਖੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਨੀਲ ਗਾਂ ਨੂੰ ਮਾਰਨ ਦੇ ਚੱਕਰ ਵਿੱਚ ਸ਼ਿਕਾਰੀਆਂ ਨੇ ਖੇਤਾਂ ਵਿੱਚ ਜੀਪਾਂ ਦੌੜਾਈਆਂ ਸਨ, ਜਿਸ ਨਾਲ ਕਣਕ ਦੀ ਫਸਲ ਤਹਿਸ-ਨਹਿਸ ਹੋ ਗਈ। ਨੀਲ ਗਾਂ ਨੂੰ ਮਾਰ ਕੇ ਜਦੋਂ ਨੌਜਵਾਨ ਉਸ ਨੂੰ ਲੈ ਜਾਣ ਲੱਗੇ ਤਾਂ ਸਬੰਧਤ ਕਿਸਾਨਾਂ ਨੇ ਆ ਕੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਸ਼ਿਕਾਰੀਆਂ ਦੀ ਜੀਪ ਪਾਣੀ ਲੱਗੇ ਖੇਤ ਵਿੱਚ ਫਸ ਗਈ। ਜੰਗਲਾਤ ਅਤੇ ਵਣ ਪ੍ਰਾਣੀ ਸੁਰੱਖਿਆ ਵਿਭਾਗ (ਬਾਦਲ ਡਿਵੀਜ਼ਨ) ਦੇ ਰੇਂਜ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਸਵਿੰਦਰ ਸਿੰਘ ਨੂੰ ਮਲੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਇਸ ਦੌਰਾਨ ਪਿੰਡ ਬਾਦਲ ਦੇ ਪੌਲੀਕਲੀਨਿਕ ਵਿੱਚ ਨੀਲ ਗਾਂ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਕਾਪਾ ਵੱਜਣ ਦੀ ਪੁਸ਼ਟੀ ਕੀਤੀ। ਪੋਸਟਮਾਰਟਮ ਮਗਰੋਂ ਲਾਸ਼ ਦਫ਼ਨਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨੀਲ ਗਾਂ ਹੱਤਿਆ ਮਾਮਲੇ ਵਿੱਚ ਬਾਕੀ ਮੁਲਜ਼ਮਾਂ ਤੇ ਵਾਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਛੇਤੀ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਂਦਾ ਜਾਵੇਗਾ।



from Punjab News – Latest news in Punjabi http://ift.tt/1QkBksU
thumbnail
About The Author

Web Blog Maintain By RkWebs. for more contact us on rk.rkwebs@gmail.com

0 comments