ਸਰਕਾਰ ਆਉਣ ’ਤੇ ਮੁਫ਼ਤ ਪਾਣੀ, ਬਿਜਲੀ ਤੇ ਆਟਾ ਦਾਲ ਸਕੀਮ ਜਾਰੀ ਰੱਖਣ ਦਾ ਐਲਾਨ
‘ਪਗਡ਼ੀ ਸੰਭਾਲ ਕਿਸਾਨਾ’ ਮੁਹਿੰਮ ਦੀ ਟੀਮ ਨਾਲ ਕੈਪਟਨ ਅਮਰਿੰਦਰ ਸਿੰਘ।
ਫ਼ਰੀਦਕੋਟ, 11 ਫਰਵਰੀ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਫ਼ਰੀਦਕੋਟ ਫੇਰੀ ਦੇ ਦੂਜੇ ਦਿਨ ਕਿਸਾਨੀ ਨੂੰ ਬਚਾਉਣ ਲਈ ‘ਪਗਡ਼ੀ ਸੰਭਾਲ ਕਿਸਾਨਾ’ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਤਿੰਨ ਕਮੇਟੀਆਂ ਬਣਾਈਆਂ ਗਈਆਂ ਹਨ, ਜੋ ਕਿਸਾਨਾਂ, ਮਜ਼ਦੂਰਾਂ ਅਤੇ ਖੇਤੀ ਨਾਲ ਜੁਡ਼ੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵੇਰਵੇ ਇਕੱਤਰ ਕਰਨਗੀਆਂ। ਉਨ੍ਹਾਂ ਐਲਾਨ ਕੀਤਾ ਕਿ ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੇ ਬੱਚਿਆਂ ਨੂੰ ਸਕੂਲ ਭੇਜਣ ਲਈ ਜੱਟ ਮਹਾਂ ਸਭਾ ਸਰਕਾਰ ਆਉਣ ਤੋਂ ਪਹਿਲਾਂ ਹੀ ਆਪਣੇ ਪੱਧਰ ’ਤੇ ਮਦਦ ਕਰੇਗੀ।
ਇੱਥੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ‘ਪਗਡ਼ੀ ਸੰਭਾਲ ਕਿਸਾਨਾ’ ਮੁਹਿੰਮ ਜੱਟ ਮਹਾਂ ਸਭਾ ਦੀ ਅਗਵਾਈ ਵਿੱਚ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸਭਾ ਸਿਆਸਤ ਤੋਂ ਉਪਰ ਉੱਠ ਕੇ ਕਿਸਾਨਾਂ ਤੇ ਆਮ ਲੋਕਾਂ ਦੇ ਸਮਾਜਕ ਕੰਮਾਂ ਨੂੰ ਪਹਿਲ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਕੰਗਾਲੀ ਤੋਂ ਬਿਨਾਂ ਕੁਝ ਨਹੀਂ ਦਿੱਤਾ, ਜਦੋਂ ਕਿ ਆਮ ਆਦਮੀ ਪਾਰਟੀ ਗ਼ੈਰ ਤਜਰਬੇਕਾਰ ਹੈ ਅਤੇ ਉਹ ਪੰਜਾਬ ਦਾ ਕੁਝ ਨਹੀਂ ਸੰਵਾਰ ਸਕਦੀ। ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਆਉਣ ’ਤੇ ਕਿਸਾਨਾਂ ਨੂੰ ਮੁਫ਼ਤ ਪਾਣੀ, ਬਿਜਲੀ ਦੀ ਸਹੂਲਤ ਜਾਰੀ ਰੱਖੀ ਜਾਵੇਗੀ ਅਤੇ ਆਟਾ ਦਾਲ ਸਕੀਮ ਨੂੰ ਪਾਰਦਰਸ਼ੀ ਤੇ ਬਿਹਤਰ ਢੰਗ ਨਾਲ ਲਾਗੂ ਕੀਤਾ ਜਾਵੇਗਾ।
ਜੱਟ ਮਹਾਂ ਸਭਾ ਦੇ ਸੂਬਾਈ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨੀ ਉਪਰ ਸੰਕਟ ਆਉਣ ਨਾਲ ਪੰਜਾਬ ਦੀ ਆਰਥਿਕ ਹਾਲਤ ਬੁਰੀ ਤਰ੍ਹਾਂ ਨਿੱਘਰ ਗਈ ਹੈ। ਰੈਲੀ ਨੂੰ ਵਿਧਾਇਕ ਕਰਨ ਬਰਾਡ਼, ਸਾਬਕਾ ਵਿਧਾਇਕ ਦਰਸ਼ਨ ਸਿੰਘ ਖੋਟੇ, ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ, ਡਾ. ਕਰਨ ਸਿੰਘ ਵਡ਼ਿੰਗ, ਰਣਜੀਤ ਸਿੰਘ ਭੋਲੂਵਾਲਾ, ਬਲਵੰਤ ਸਿੰਘ ਭਾਣਾ, ਕਰਮਜੀਤ ਸਿੰਘ ਟਹਿਣਾ ਅਤੇ ਬਲਕਰਨ ਸਿੰਘ ਨੰਗਲ ਨੇ ਵੀ ਸੰਬੋਧਨ ਕੀਤਾ। ਕੈਪਟਨ ਅਮਰਿੰਦਰ ਸਿੰਘ ਅੱਜ ਇੱਥੇ ਆਡ਼੍ਹਤੀਆਂ ਤੇ ਵਪਾਰੀਆਂ ਨੂੰ ਵੀ ਮਿਲੇ। ਆਡ਼੍ਹਤੀਆਂ ਨੇ ਅਮਰਿੰਦਰ ਸਿੰਘ ਨੂੰ ਦੱਸਿਆ ਕਿ 2007 ਵਿੱਚ ਮਾਲਵੇ ਵਿੱਚ 27 ਲੱਖ ਗੰਢਾ ਨਰਮਾ ਹੁੰਦਾ ਸੀ, ਜੋ ਹੁਣ ਘਟ ਕੇ ਇਕ ਲੱਖ ਗੰਢ ਤੱਕ ਰਹਿ ਗਿਆ ਹੈ, ਜਿਸ ਨੇ ਕਿਸਾਨਾਂ ਤੇ ਵਪਾਰੀਆਂ ਨੂੰ ਆਰਥਿਕ ਤੌਰ ’ਤੇ ਕੰਗਾਲ ਕਰ ਦਿੱਤਾ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਸਮਾਂ ਆਉਣ ’ਤੇ ਪੰਜਾਬ ਦੀ ਕਿਸਾਨੀ ਲਈ ਅਜਿਹਾ ਕਾਨੂੰਨ ਲਿਆਂਦਾ ਜਾਵੇਗਾ, ਜਿਸ ਨਾਲ ਕਿਸਾਨੀ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਜਾ ਸਕੇ।
ਘੁੱਗੀਆਂ ਤੋਤੇ ਕਾਂਗਰਸ ਦਾ ਕੁਝ ਨਹੀਂ ਵਿਗਾਡ਼ ਸਕਦੇ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਘੁੱਗੀ ਦੇ ‘ਆਪ’ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ‘ਆਪ’ ਦੇ ਕਿਸੇ ਵੀ ਆਗੂ ਕੋਲ ਲੋਕਾਂ ਦੀ ਅਗਵਾਈ ਕਰਨ ਦਾ ਤਜਰਬਾ ਨਹੀਂ। ਭਾਵੇਂ ਘੁੱਗੀ ਹੋਵੇ, ਭਾਵੇਂ ਤੋਤਾ, ਉਹ ਕਾਂਗਰਸ ਦਾ ਕੁਝ ਨਹੀਂ ਵਿਗਾਡ਼ ਸਕਦੇ। ਕਾਂਗਰਸ ਮੁੱਦਿਆਂ ਦੇ ਅਾਧਾਰ ਉਤੇ ਅਤੇ ਪਹਿਲਾਂ ਦਿੱਤੇ ਸ਼ਾਸਨ ਨੂੰ ਅੱਗੇ ਰੱਖ ਕੇ ਲੋਕਾਂ ਤੋਂ ਵੋਟ ਮੰਗੇਗੀ, ਜਦੋਂ ਕਿ ‘ਆਪ’ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ। ਅਮਰਿੰਦਰ ਸਿੰਘ ਨੇ ਕਿਹਾ ਕਿ ਚਿੱਟਾ ਰੰਗ ਵੀ ਪੰਜਾਬ ਲਈ ਮਨਹੂਸ ਸਾਬਤ ਹੋਇਆ ਹੈ। ਪਹਿਲਾਂ ਚਿੱਟੀ ਮੱਖੀ, ਚਿੱਟਾ ਨਸ਼ਾ ਅਤੇ ਹੁਣ ਚਿੱਟੀ ‘ਟੋਪੀ’ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
from Punjab News – Latest news in Punjabi http://ift.tt/1QaNPqK
0 comments