ਢਾਡੀ ਜਥਿਆਂ ਨੇ ਪਹਿਲਾਂ ਵਾਂਗ ਚਾਰ ਵਜੇ ਤਕ ਵਾਰਾਂ ਦਾ ਗਾਇਨ ਕੀਤਾ
ਅੰਮ੍ਰਿਤਸਰ, 11 ਫਰਵਰੀ : ਸ਼੍ਰੋਮਣੀ ਕਮੇਟੀ ਨੇ ਢਾਡੀ ਜਥਿਆਂ ਦੇ ਗਾਇਨ ਸਮੇਂ ਵਿੱਚ ਕਟੌਤੀ ਕਰਨ ਦੇ ਫੈਸਲੇ ਨੂੰ ਅੱਜ ਵਾਪਸ ਲੈ ਲਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਮਣੇ ਢਾਡੀ ਜਥਿਆਂ ਨੇ ਪਹਿਲਾਂ ਵਾਂਗ ਸ਼ਾਮ ਚਾਰ ਵਜੇ ਤੱਕ ਵਾਰਾਂ ਦਾ ਗਾਇਨ ਕੀਤਾ।
ਇਸ ਸਬੰਧ ਵਿੱਚ ਢਾਡੀ ਸਭਾ ਦੀ ਮੀਟਿੰਗ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਪ੍ਰਧਾਨ ਬਲਦੇਵ ਸਿੰਘ ਐਮ.ਏ. ਦੀ ਅਗਵਾਈ ਹੇਠ ਹੋਈ। ਮੀਟਿੰਗ ਮਗਰੋਂ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਰੋਸਾ ਦਿੱਤਾ ਕਿ ਢਾਡੀ ਜਥਿਆਂ ਦੇ ਗਾਇਨ ਦਾ ਸਮਾਂ ਪਹਿਲਾਂ ਵਾਂਗ ਰਹੇਗਾ ਅਤੇ ਸਮੇਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਕਿਸੇ ਢਾਡੀ ਜਥੇ ’ਤੇ ਕੋਈ ਰੋਕ ਵੀ ਨਹੀਂ ਲਾਈ ਗਈ ਹੈ।
ਢਾਡੀ ਸਭਾ ਵੱਲੋਂ ਇਕ ਮੈਂਬਰ ਗੁਰਤੇਜ ਸਿੰਘ ਚਵਿੰਡਾ ਨੂੰ ਸਭਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਫਾਰਗ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਢਾਡੀ ਜਥੇ ਦੇ ਆਗੂ ਨੇ ਸਾਬਕਾ ਅਕਾਲੀ ਮੰਤਰੀ ਨੂੰ ਇਸ ਕਾਰਵਾਈ ਲਈ ਉਤਸ਼ਾਹਤ ਕੀਤਾ ਸੀ, ਜੋ ਢਾਡੀ ਸਭਾ ਵਿਰੁੱਧ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਢਾਡੀ ਜਥਿਆਂ ਦੀ ਹਾਜ਼ਰੀ ਸਮੇਂ ਧਰਮ ਪ੍ਰਚਾਰ ਕਮੇਟੀ ਕਰਮਚਾਰੀ ਨੂੰ ਤਾਇਨਾਤ ਕੀਤੇ ਜਾਣ ਬਾਰੇ ਬਲਦੇਵ ਸਿੰਘ ਨੇ ਆਖਿਆ ਕਿ ਇਸ ਸਬੰਧੀ ਸਭਾ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਕਰਮਚਾਰੀ ਦੀ ਡਿਊਟੀ ਸਟੇਜ ਦਾ ਸੰਚਾਲਨ ਕਰਨਾ ਹੈ ਅਤੇ ਇਸ ਤੋਂ ਇਲਾਵਾ ਉਸ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਢਾਡੀ ਜਥੇ ਪਹਿਲਾਂ ਵਾਂਗ ਸੁਤੰਤਰ ਢੰਗ ਨਾਲ ਵਾਰਾਂ ਦਾ ਗਾਇਨ ਜਾਰੀ ਰੱਖਣਗੇ ਪਰ ਅੱਜ ਮੀਟਿੰਗ ਦੌਰਾਨ ਹਦਾਇਤ ਕੀਤੀ ਹੈ ਕਿ ਕੋਈ ਵੀ ਜਥਾ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਨਾ ਬਣਾਏ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਮੇਟੀ ਦੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਢਾਡੀ ਜਥੇ ਪਹਿਲਾਂ ਵਾਂਗ ਚਾਰ ਵਜੇ ਤਕ ਗਾਇਨ ਕਰ ਸਕਣਗੇ। ਇਸ ਦੌਰਾਨ ਸਟੇਜ ਦੇ ਪ੍ਰਬੰਧ ਲਈ ਧਰਮ ਪ੍ਰਚਾਰ ਕਮੇਟੀ ਦਾ ਇਕ ਪ੍ਰਚਾਰਕ ਡਿਊਟੀ ’ਤੇ ਹਾਜ਼ਰ ਰਹੇਗਾ। ਇਸ ਦੌਰਾਨ ਸਤਨਾਮ ਸਿੰਘ ਢਾਡੀ ਨੇ ਆਖਿਆ ਕਿ ਸੋਮਵਾਰ ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਉਹ ਰੋਜ਼ ਵਾਂਗ ਵਾਰਾਂ ਦਾ ਗਾਇਨ ਕਰ ਰਿਹਾ ਸੀ। ਉਸ ਨੇ ਕਿਸੇ ਦਵੇਸ਼ ਜਾਂ ਮਾੜੀ ਭਾਵਨਾ ਨਾਲ ਕਿਸੇ ਵਿਅਕਤੀ ਵਿਸ਼ੇਸ਼ ਖ਼ਿਲਾਫ਼ ਕੋਈ ਸ਼ਬਦ ਨਹੀਂ ਕਿਹਾ ਪਰ ਅਚਨਚੇਤੀ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਮਾਇਕ ਖੋਹ ਲਿਆ ਅਤੇ ਭਵਿੱਖ ਵਿੱਚ ਇੱਥੇ ਗਾਇਨ ਕਰਨ ਤੋਂ ਵਰਜਿਆ। ਉਸ ਨੇ ਦੱਸਿਆ ਕਿ ਮਗਰੋਂ ਅਗਲੇ ਦਿਨ ਸ੍ਰੀ ਲੰਗਾਹ ਨੇ ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਧਰਮ ਪ੍ਰਚਾਰ ਕਮੇਟੀ ਦੇ ਇਕ ਮੈਂਬਰ ਨੂੰ ਭੇਜਿਆ ਸੀ, ਜਿਸ ਨੇ ਢਾਡੀ ਜਥਿਆਂ ਨਾਲ ਗੱਲਬਾਤ ਕਰ ਕੇ ਮਾਮਲੇ ਨੂੰ ਸ਼ਾਂਤ ਕੀਤਾ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਥੇਦਾਰ ਲੰਗਾਹ ਖ਼ਿਲਾਫ਼ ਗੁਰਮਤਿ ਮਰਿਆਦਾ ਅਨੁਸਾਰ ਕਾਰਵਾਈ ਕਰਨ ਦੀ ਮੰਗ ਸਬੰਧੀ ਪੱਤਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਭੇਜ ਦਿੱਤਾ ਹੈ। ਪੱਤਰ ਦੀਆਂ ਕਾਪੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਮੁੱਖ ਸਕੱਤਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਨੂੰ ਵੀ ਭੇਜੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਨਾਲ ਟੈਲੀਫੋਨ ’ਤੇ ਗੱਲ ਕੀਤੀ ਸੀ ਪਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਹ ਕਹਿਣ ਮਗਰੋਂ ਕਿ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ, ਹੁਣ ਲਿਖਤੀ ਸ਼ਿਕਾਇਤ ਕਾਰਵਾਈ ਲਈ ਭੇਜੀ ਹੈ।
ਪਤਾ ਲੱਗਿਆ ਹੈ ਕਿ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਅੱਜ ਸਵੇਰੇ ਗੁਰਦੁਆਰੇ ਮੱਥਾ ਟੇਕਣ ਆਏ ਸਨ ਪਰ ਉਨ੍ਹਾਂ ਮੀਡੀਆ ਨਾਲ ਕੋਈ ਵੀ ਗੱਲ ਕਰਨ ਤੋਂ ਇਨਕਾਰ ਕੀਤਾ। ਜਦੋਂ ਉਹ ਸ੍ਰੀ ਦਰਬਾਰ ਸਮੂਹ ਵਿੱਚ ਸਨ ਤਾਂ ਉਸ ਵੇਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਮੱਥਾ ਟੇਕਣ ਲਈ ਪੁੱਜੇ ਸਨ। ਸੂਤਰਾਂ ਮੁਤਾਬਕ ਉਪ ਮੁੱਖ ਮੰਤਰੀ ਨੇ ਵੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਕੋਲੋਂ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
from Punjab News – Latest news in Punjabi http://ift.tt/1QaNN2d
0 comments