ਪੰਜਾਬੀ ਸੂਬੇ ਦੇ ਸੰਘਰਸ਼ੀ ਯੋਧੇ ਦਾ ਸਨਮਾਨ ਸਰਕਾਰੀ ਸ਼ਰਤਾਂ ਨੇ ਨਿਗਲਿਆ

11102cd-_Babbi-1-11_02_2016

ਪੰਜਾਬੀ ਸੂਬੇ ਦੇ ਸੰਘਰਸ਼ ਦੌਰਾਨ ਜੇਲ੍ਹਾਂ ਕੱਟਣ ਵਾਲੇ ਅਕਾਲੀ ਆਗੂ ਹਰੀ ਸਿੰਘ ਮਾਵੀ ਪ੍ਰਸੰਸਾ ਪੱਤਰ ਵਿਖਾਉਂਦੇ ਹੋਏ।

ਚਮਕੌਰ ਸਾਹਿਬ, 11 ਫਰਵਰੀ : ਪੰਜਾਬੀ ਸੂਬਾ ਮੋਰਚਾ ਦੌਰਾਨ ਜੇਲ੍ਹਾਂ ਕੱਟਣ ਵਾਲੇ ਸੰਘਰਸ਼ੀ ਯੋਧਿਆਂ ਨੂੰ ਅੱਜ ਭਾਵੇਂ ਪੰਜਾਬ ਸਰਕਾਰ ਮਾਣ ਸਨਮਾਨ (ਪੈਨਸ਼ਨ, ਬੱਸ ਸਫ਼ਰ ਦੀ ਸਹੂਲਤ ਆਦਿ) ਦੇਣ ਦਾ ਐਲਾਨ ਕਰ ਚੁੱਕੀ ਹੈ ਪਰ ਇਸ ਮਾਣ ਸਨਮਾਨ ਨੂੰ ਹਾਸਲ ਕਰਨ ਲਈ ਉਹ ਪੰਜਾਬ ਸਰਕਾਰ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਹੁਣ ਸਰਕਾਰੀ ਦਫ਼ਤਰਾਂ ਤੇ ਜੇਲ੍ਹਾਂ ਆਦਿ ਵਿੱਚ ਫਿਰ ਰਹੇ ਹਨ।
ਨੇੜਲੇ ਪਿੰਡ ਸਲੇਮਪੁਰ ਦੇ ਹਰੀ ਸਿੰਘ ਮਾਵੀ ਨੇ ਦੱਸਿਆ ਕਿ 1960 ਦੌਰਾਨ ਪੰਜਾਬੀ ਸੂਬੇ ਲਈ ਕੀਤੇ ਸੰਘਰਸ਼ ਦੌਰਾਨ ਪੰਜਾਬ ਭਰ ਵਿੱਚ 57129 ਵਿਅਕਤੀ ਜੇਲ੍ਹਾਂ ਵਿੱਚ ਬੰਦ ਹੋਏ ਸਨ ਤੇ ਉਹ ਵੀ ਆਪਣੇ 80 ਸਾਥੀਆਂ ਸਮੇਤ ਕਰੀਬ 16 ਵਰ੍ਹਿਆਂ ਦੀ ਉਮਰ ਵਿੱਚ ਜੱਥੇਦਾਰ ਬਚਨ ਸਿੰਘ ਘਾੜੂ ਹਰੀਪੁਰ ਵਾਲਿਆਂ ਦੀ ਅਗਵਾਈ ਵਿੱਚ ਭੱਠਾ ਸਾਹਿਬ ਰੂਪਨਗਰ ਵਿੱਚ ਗ੍ਰਿਫ਼ਤਾਰ ਹੋਏ ਸਨ, ਜਿਨ੍ਹਾਂ ਨੂੰ ਇੱਕ ਰਾਤ ਰੂਪਨਗਰ ਦੀ ਹਵਾਲਾਤ ਵਿੱਚ ਰੱਖਣ ਤੋਂ ਬਾਅਦ ਅੰਬਾਲਾ ਜੇਲ੍ਹ ਭੇਜ ਦਿੱਤਾ ਸੀ ਜਿੱਥੇ ਉਨ੍ਹਾਂ 6 ਮਹੀਨੇ ਕੈਦ ਕੱਟੀ ਤੇ ਪੰਜਾਬ ਸੂਬਾ ਬਣਨ ’ਤੇ ਖਤਮ ਹੋਏ ਸੰਘਰਸ਼ ਤੋਂ ਬਾਅਦ ਉਦੋਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿੱਚ ਵੱਡਾ ਇਕੱਠ ਕਰਕੇ ਉਨ੍ਹਾਂ ਨੂੰ ਪ੍ਰਸੰਸਾਂ ਪੱਤਰ ਦਿੱਤਾ ਸੀ ਜਿਸ ਵਿੱਚ ਪੰਜਾਬੀ ਸੂਬਾ ਮੋਰਚਾ ਦੇ ਸੰਘਰਸ਼ ਦੌਰਾਨ ਕੀਤੇ ਸੰਘਰਸ਼ ਦੀ ਸ਼ਲਾਘਾ ਅੰਕਿਤ ਹੈ।
ਉਨ੍ਹਾਂ ਦੱਸਿਆ ਕਿ ਸ਼ਰਤਾਂ ਅਨੁਸਾਰ ਬਹੁਤ ਘੱਟ ਅਜਿਹੇ ਸੰਘਰਸ਼ੀ ਯੋਧੇ ਹੋਣਗੇ ਜਿਨ੍ਹਾਂ ਕੋਲ ਜੇਲ੍ਹ ਦਾ ਸਰਟੀਫਿਕੇਟ ਹੋਵੇ ਤੇ ਕਰੀਬ 90 ਫ਼ੀਸਦੀ ਸੰਘਰਸ਼ੀ ਯੋਧੇ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ ਤੇ ਜੋ ਹਨ ਉਨ੍ਹਾਂ ਦੀਆਂ ਉਮਰਾਂ ਵੀ ਹੁਣ ਆਖਰੀ ਪੜਾਅ ‘ਤੇ ਹਨ। ਫਿਰ ਸੂਬੇ ਲਈ ਸੰਘਰਸ਼ ਕਰਨ ਵਾਲੇ ਯੋਧਿਆਂ ਲਈ ਅਜਿਹੀਆਂ ਬੇਲੋੜੀਆਂ ਸ਼ਰਤਾਂ ਰੱਖਣ ਦੀ ਬਜਾਏ ਸਰਕਾਰ ਵੱਲੋਂ ਖੁਦ ਹੀ ਜਾਂ ਸਰਕਲ ਜੱਥੇਦਾਰਾਂ ਜਾਂ ਫਿਰ ਸਰਪੰਚ ਤੇ ਨੰਬਰਦਾਰਾਂ ਰਾਹੀਂ ਤਫਤੀਸ ਕਰਕੇ ਇਨ੍ਹਾਂ ਨੂੰ ਮਾਣ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਆਪਣੇ ਦੋ ਤਿੰਨ ਸਾਥੀਆਂ ਸਮੇਤ ਪਹਿਲੇ ਡਿਪਟੀ ਕਮਿਸ਼ਨਰ ਰੂਪਨਗਰ ਤੰਨੂ ਕਸ਼ਯਪ ਨੂੰ ਵੀ ਮਿਲੇ ਸਨ ਤੇ ਉਨ੍ਹਾਂ ਨੂੰ ਆਪਣੇ ਪ੍ਰਸੰਸਾਂ ਪੱਤਰ ਵਿਖਾ ਕੇ ਦੱਸਿਆ ਸੀ ਕਿ ਸਾਡੇ ਕੋਲ ਸਿਰਫ ਇਹੀ ਸਬੂਤ ਹਨ ਤਾਂ ਉਨ੍ਹਾਂ ਨੇ ਸਾਡੀ ਉਮਰ ਨੂੰ ਵੇਖਦਿਆਂ ਭਰੋਸਾ ਦਵਾਇਆ ਸੀ ਕਿ ਅਸੀਂ ਖੁਦ ਤਫਤੀਸ਼ ਕਰਕੇ ਤੁਹਾਨੂੰ ਮਾਣ ਦਵਾਂਗੇ, ਪਰ ਪਿਛਲੇ ਹਫ਼ਤੇ ਮੁੜ ਮਿਲੇ ਪੱਤਰ ਵਿੱਚ ਫਿਰ ਸਾਰੀਆਂ ਸ਼ਰਤਾਂ ਦੋਹਰਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ 1960 ਤੋਂ ਪਹਿਲਾਂ ਵੀ ਉਨ੍ਹਾਂ 11 ਸਾਲ ਦੀ ਉਮਰ ਵਿੱਚ ਦੋ ਮਹੀਨੇ ਦੀ ਜੇਲ੍ਹ ਕੱਟੀ ਹੈ ਪਰ ਸਹੂਲਤਾਂ ਉਡੀਕਦਿਆਂ ਉਮਰ ਲੰਘ ਗਈ ਤੇ ਹੁਣ ਜਦੋਂ ਐਲਾਨ ਹੋਇਆ ਹੈ ਤਾਂ ਬੇਲੋੜੀਆਂ ਸ਼ਰਤਾਂ ਲਾ ਕੇ ਸੰਘਰਸ਼ੀ ਯੋਧਿਆਂ ਨੰ ਮਾਯੂਸ ਕੀਤਾ ਜਾ ਰਿਹਾ ਹੈ।



from Punjab News – Latest news in Punjabi http://ift.tt/1QaNPH9
thumbnail
About The Author

Web Blog Maintain By RkWebs. for more contact us on rk.rkwebs@gmail.com

0 comments