ਅੰਮ੍ਰਿਤਸਰ : ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਨਵੇਂ ਚਿਹਰਿਆਂ ਨੂੰ ਪਾਰਟੀ ਦਾ ਟਿਕਟ ਦਿੱਤਾ ਜਾਏਗਾ। ਪਾਰਟੀ ਦੇ ਨੌਜਵਾਨ ਤੇ ਕਰਮਠ ਵਰਕਰਾਂ ਦੀ ਸ਼ਮੂਲੀਅਤ ਵਧਾਈ ਜਾਏਗੀ। ਪਾਰਟੀ ਟਿਕਟ ਜਾਰੀ ਕਰਨ ਤੋਂ ਪਹਿਲਾਂ ਸਾਰੇ ਵਿਧਾਇਕਾਂ ਦੇ ਬੀਤੇ ਪੰਜ ਵਰਿ੍ਹਆਂ ਦੇ ਕੰਮ ਕਾਜ ਦਾ ਲੇਖਾ ਜੋਖਾ ਕੀਤਾ ਜਾਏਗਾ। ਵਿਧਾਇਕ ਦੇ ਖੇਤਰ ਦੇ ਲੋਕਾਂ ਤੇ ਪਾਰਟੀ ਅਹੁਦੇਦਾਰਾਂ ਤੋਂ ਉਸਦੀ ਕਾਰਗੁਜ਼ਾਰੀ ਦੀ ਰਿਪੋਰਟ ਲਈ ਜਾਏਗੀ। ਪਾਰਟੀ ਤੇ ਖੇਤਰ ਦੇ ਲੋਕ ਵਿਧਾਇਕ ਦੇ ਕੰਮ ਕਾਜ ਤੋਂ ਕਿੰਨੰ ਸੰਤੁਸ਼ਟ ਹਨ, ਕੀ ਰਾਏ ਰੱਖਦੇ ਹਨ। ਲੋਕਾਂ ਦੁਆਰਾ ਦਿੱਤੇ ਗਏ ਨਿਰਣੇ ‘ਤੇ ਹੀ ਪਾਰਟੀ ਟਿਕਟ ਜਾਰੀ ਹੋਵੇਗਾ।
ਸੁਖਬੀਰ ਬਾਦਲ ਵੀਰਵਾਰ ਸਵੇਰੇ ਆਪਣੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਮਗਰੋਂ ਸੂਚਨਾ ਕੇਂਦਰ ਦਫਤਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜੀਆਂ ਜਾਣਗੀਆਂ ਤੇ ਗਠਬੰਧਨ ਤੀਜੀ ਵਾਰ ਸਰਕਾਰ ਬਣਾਏਗਾ। ਜਦੋਂ ਉਨ੍ਹਾਂ ਨੂੰ ਇਹ ਪੁੱਿਛਆ ਗਿਆ ਕਿ ਭਾਰਤੀ ਜਨਤਾ ਪਾਰਟੀ ਸੀਟਾਂ ਵਧਾਉਣ ਦੀ ਮੰਗ ਕਰ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਭਾਜਪਾ 23 ਸੀਟਾਂ ਤੇ ਹੀ ਚੋਣ ਲੜੇਗੀ। ਡਾ. ਨਵਜੋਤ ਕੌਰ ਸਿੱਧੂ ਦੀ ਨਾਰਾਜ਼ਗੀ ਸਬੰਧੀ ਪੁੱਛੇ ਸਵਾਲ ਨੂੰ ਉਨ੍ਹਾਂ ‘ਨੋ ਕਮੈਂਟਸ’ ਕਹਿ ਕੇ ਨਜ਼ਰਅੰਦਾਜ਼ ਕਰ ਦਿੱਤਾ। ਖਡੂਰ ਸਾਹਿਬ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਵੀ ਸਿਆਸੀ ਪਾਰਟੀ ਨਾਲ ਮੁਕਾਬਲਾ ਨਹੀਂ ਕਰਨਾ ਪੈ ਰਿਹਾ ਹੈ। ਇਸ ਸਵਾਲ ਦੇ ਉੱਤਰ ਵਿਚ ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਉਪ ਚੋਣਾਂ ‘ਚ ਸਾਰੀਆਂ ਰਾਜਨੀਤਕ ਪਾਰਟੀਆਂ ‘ਭਗੌੜੀਆਂ’ ਹੋ ਗਈਆਂ ਹਨ। ਕਾਂਗਰਸ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ। ਸ਼ਾਇਦ ਕਾਂਗਰਸ ਪਾਰਟੀ ਨੂੰ ਹੁਣ ਆਪਣੇ ਵਰਕਰਾਂ ਤੇ ਵਿਸ਼ਵਾਸ਼ ਨਹੀਂ ਰਿਹਾ ਕਿ ਉਹ ਚੋਣਾਂ ਦੀ ਇਸ ਲੜਾਈ ‘ਚ ਪਾਰਟੀ ਨਾਲ ਖੜ੍ਹੇ ਰਹਿੰਦੇ ਹਨ ਜਾਂ ਨਹੀਂ। ਆਮ ਆਦਮੀ ਪਾਰਟੀ ਤਲਵੰਡੀ ਸਾਬੋ ‘ਚ ਹੋਈਆਂ ਉਪ ਚੋਣਾਂ ‘ਚ ਜ਼ਮਾਨਤ ਜ਼ਬਤ ਹੋਣ ਮਗਰੋਂ ਭੱਜ ਰਹੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਪਹਿਲਾਂ ਭਗਵੰਤ ਮਾਨ ਤੇ ਹੁਣ ਗੁਰਪ੍ਰੀਤ ਘੁੱਗੀ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਮਗਰੋਂ ਇਹ ਪਾਰਟੀ ਹੁਣ ਮਨੋਰੰਜਨ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਡੂਰ ਸਾਹਿਬ ਚੋਣਾਂ ਵਿਚ ਭਾਰੀ ਵੋਟਿੰਗ ਹੋਵੇਗੀ।
ਸਿਆਸਤ ‘ਚੋਂ ਰਿਟਾਇਰ ਹੋਣ ਤੋਂ ਪਹਿਲਾਂ ਕੈਪਟਨ ‘ਤੀਰਥ ਯਾਤਰਾ ਕਰ ਲੈਣ : ਸੁਖਬੀਰ
ਸੁਖਬੀਰ ਬਾਦਲ ਨੇ ਇਕ ਵਾਰ ਫੇਰ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਵਿਅੰਗ ਕੀਤਾ। ਅਮਰਿੰਦਰ ਸਿੰਘ ਦੁਆਰਾ ‘ਪੱਗ ਬਚਾਓ ਮੁਹਿੰਮ’ ਤਹਿਤ ਪੰਜਾਬ ਦੇ ਪਿੰਡਾਂ ਦਾ ਦੌਰਾ ਕਰਨ ਦੇ ਐਲਾਨ ‘ਤੇ ਪ੍ਰਤੀਿਯਆ ਦਿੰਦਿਆਂ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਲਈ ਇਹ ਸੁਨਹਿਰਾ ਮੌਕਾ ਹੈ ਕਿ ਉਹ ਸੂਬੇ ਦੇ 12500 ਪਿੰਡਾਂ ਦਾ ਦੌਰਾ ਕਰਨ। ਜਿਹੜਾ ਕੰਮ ਉਨ੍ਹਾਂ ਨੇ ਸਾਰੀ ਉਮਰ ਨਹੀਂ ਕੀਤਾ ਉਹ ਵਿਹਲੇ ਸਮੇਂ ਜ਼ਰੂਰ ਕਰ ਲੈਣ। ਤਾਂ ਜੋ ਘੱਟੋ ਘੱਟ ਉਨ੍ਹਾਂ ਨੂੰ ਸੂਬੇ ਦੇ ਪਿੰਡਾਂ ਦੇ ਦਰਸ਼ਨ ਤਾਂ ਹੋ ਸਕਣ। ਸੁਖਬੀਰ ਬਾਦਲ ਤੇ ਇਕ ਹੋਰ ਵਿਅੰਗ ਕਰਦਿਆਂ ਕਿਹਾ ਕਿ ਕੈਪਟਨ ਨੂੰ ਮੁੱਖ ਮੰਤਰੀ ਬਾਦਲ ਵਾਂਗ ‘ਅੰਮਿ੍ਰਤ ਵੇਲੇ’ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ। ਲੋਕਾਂ ‘ਚ ਜਾ ਕੇ ਸੰਗਤ ਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨੀਆਂ ਚਾਹੀਦੀਆਂ ਹਨ। ਇਸ ਦੌਰਾਨ ਉਹ ਤੀਹ ਫੀਸਦੀ ਪਿੰਡਾਂ ਦੇ ਦਰਸ਼ਨ ਵੀ ਕਰ ਲੈਣ ਤਾਂ ਇਹ ਉਨ੍ਹਾਂ ਦੀ ਸਿਆਸਤ ਚੋਂ ਰਿਟਾਇਰ ਹੋਣ ਤੋਂ ਪਹਿਲਾਂ ਦੀ ਤੀਰਥ ਯਾਤਰਾ ਹੋਵੇਗੀ।
from Punjab News – Latest news in Punjabi http://ift.tt/1RuKvfy
0 comments