-ਬਲਰਾਜ ਸਿੰਘ ਸਿੱਧੂ
ਸਿੱਖ ਰੈਜੀਮੈਂਟ ਅੱਜਕੱਲ੍ਹ ਕੁੱਝ ਸਿਆਸੀ ਕਾਰਨਾਂ?ਕਰਕੇ ਚਰਚਾ ਵਿੱਚ ਹੈ। 26 ਜਨਵਰੀ ਨੂੰ ਇਸ ਦੀ ਟੁਕੜੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਿਲ ਨਾ ਕਰਨ ਬਾਰੇ ਭਾਂਤ-ਭਾਂਤ ਦੇ ਬਿਆਨ ਆਏ। ਇਨ੍ਹਾਂ ਗੱਲਾਂ ਨਾਲ ਇਸ ਰੈਜੀਮੈਂਟ ਦੇ ਵੱਕਾਰ ਅਤੇ ਮਹਾਨਤਾ ‘ਤੇ ਕੋਈ ਫ਼ਰਕ ਨਹੀਂ ਪੈਂਦਾ। ਸਿੱਖ ਰੈਜੀਮੈਂਟ ਭਾਰਤੀ ਫ਼ੌਜ ਦੀ ਇੱਕ ਮਾਣਮੱਤੀ ਤੇ ਅਤਿ ਸਤਿਕਾਰਤ ਪੈਦਲ ਰੈਜੀਮੈਂਟ ਹੈ। ਅਨੇਕਾਂ ਸਨਮਾਨਾਂ ਦੇ ਨਾਲ-ਨਾਲ ਇਸ ਨੂੰ ਇਹ ਮਾਣ ਵੀ ਹਾਸਲ ਹੈ ਕਿ ਇਹ ਭਾਰਤ ਜਾਂ ਸ਼ਾਇਦ ਵਿਸ਼ਵ ਦੀ ਧਰਮ ਦੇ ਨਾਂ ‘ਤੇ ਆਧਾਰਿਤ ਇੱਕੋ ਇੱਕ ਰੈਜੀਮੈਂਟ ਹੈ। ਭਾਰਤ ਦੀਆਂ ਬਾਕੀ ਰੈਜੀਮੈਂਟਾਂ ਜਿਵੇਂ ਮਹਾਰ ਰੈਜੀਮੈਂਟ, ਰਾਜਪੂਤ ਰੈਜੀਮੈਂਟ, ਮਰਾਠਾ ਰੈਜੀਮੈਂਟ, ਡੋਗਰਾ ਰੈਜੀਮੈਂਟ, ਗੜ੍ਹਵਾਲ ਰੈਜੀਮੈਂਟ, ਕਮਾਊਂ ਰੈਜੀਮੈਂਟ ਤੇ ਪੰਜਾਬ ਰੈਜੀਮੈਂਟ ਆਦਿ ਦੇ ਨਾਂ ਖਿੱਤੇ ਜਾਂ ਜ਼ਾਤ ‘ਤੇ ਆਧਾਰਿਤ ਹਨ। ਇੱਥੋਂ ਤਕ ਕਿ ਪਾਕਿਸਤਾਨ ਵਿੱਚ ਪੰਜਾਬ ਰੈਜੀਮੈਂਟ, ਬਲੋਚ ਰੈਜੀਮੈਂਟ, ਫਰੰਟੀਅਰ ਫੋਰਸ ਰੈਜੀਮੈਂਟ, ਆਜ਼ਾਦ ਕਸ਼ਮੀਰ ਰੈਜੀਮੈਂਟ ਅਤੇ ਸਿੰਧ ਰੈਜੀਮੈਂਟ ਆਦਿ ਤਾਂ ਹਨ, ਪਰ ਕੋਈ ਮੁਸਲਿਮ ਰੈਜੀਮੈਂਟ ਨਹੀਂ ਹੈ। ਸਿੱਖ ਰੈਜੀਮੈਂਟ ਇਸ ਵੇਲੇ ਭਾਰਤ ਦੀ ਸਭ ਤੋਂ ਜ਼ਿਆਦਾ ਬਹਾਦਰੀ ਦੇ ਮੈਡਲ ਪ੍ਰਾਪਤ ਰੈਜੀਮੈਂਟ ਹੈ। ਇਸ ਦਾ ਰੈਜੀਮੈਂਟਲ ਸੈਂਟਰ ਪਹਿਲਾਂ ਮੇਰਠ (ਉੱਤਰ ਪ੍ਰਦੇਸ਼) ਵਿੱਚ ਹੁੰਦਾ ਸੀ ਤੇ ਹੁਣ ਰਾਮਗੜ੍ਹ (ਝਾਰਖੰਡ) ਵਿਖੇ ਹੈ। ਦੋ ਬਟਾਲੀਅਨਾਂ ਨਾਲ ਸ਼ੁਰੂ ਹੋਈ ਇਸ ਰੈਜੀਮੈਂਟ ਦੀਆਂ ਹੁਣ 19 ਬਕਾਇਦਾ ਅਤੇ ਦੋ ਰਿਜ਼ਰਵ ਬਟਾਲੀਅਨਾਂ ਹਨ। ਸਿੱਖ ਰੈਜੀਮੈਂਟ ਦਾ ਮਾਟੋ ”ਨਿਸਚੈ ਕਰ ਅਪਨੀ ਜੀਤ ਕਰੋ’ ਤੇ ਜੰਗੀ ਨਾਅਰਾ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਹੈ। ਰੈਜੀਮੈਂਟਲ ਨਿਸ਼ਾਨ ਚੱਕਰ ਵਿੱਚ ਸ਼ੇਰ ਹੈ ਜੋ ਸਿੰਘ ਦਾ ਪ੍ਰਤੀਕ ਹੈ।
ਸਿੱਖ ਰੈਜੀਮੈਂਟ ਦੀ ਸਥਾਪਨਾ ਸਿੱਖ ਰਾਜ ਦੇ ਖ਼ਾਤਮੇ ਤੋਂ ਕੁੱਝ ਚਿਰ ਪਹਿਲਾਂ 1 ਅਗਸਤ 1846 ਨੂੰ ਫਿਰੋਜ਼ਪੁਰ ਸਿੱਖ ਰੈਜੀਮੈਂਟ ਅਤੇ ਲੁਧਿਆਣਾ ਸਿੱਖ ਰੈਜੀਮੈਂਟ ਦੇ ਰੂਪ ਵਿੱਚ ਕ੍ਰਮਵਾਰ ਕੈਪਟਨ ਜੀ. ਟੈਬਜ਼ ਅਤੇ ਲੈਫਟੀਨੈਂਟ ਕਰਨਲ ਪੀ. ਗਾਰਡਨ ਨੇ ਕੀਤੀ ਸੀ। ਪਹਿਲੀ ਐਂਗਲੋ-ਸਿੱਖ ਜੰਗ ਵਿੱਚ ਸਿੱਖ ਫ਼ੌਜ ਵੱਲੋਂ ਦਿਖਾਈ ਗਈ ਬਹਾਦਰੀ ਤੋਂ ਅੰਗਰੇਜ਼ ਬਹੁਤ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੇ ਸਿੱਖ ਰੈਜੀਮੈਂਟਾਂ ਦੀ ਵਰਤੋਂ 1857 ਦੀ ਕ੍ਰਾਂਤੀ ਵਿੱਚ ਬਹੁਤ ਭਰੋਸੇ ਨਾਲ ਕੀਤੀ। ਇਸ ਜੰਗ ਵਿੱਚ ਰੈਜੀਮੈਂਟ ਵੱਲੋਂ ਵਿਖਾਈ ਗਈ ਬਹਾਦਰੀ ਦੇ ਅੰਗਰੇਜ਼ ਅਤਿਅੰਤ ਕਾਇਲ ਹੋਏ। ਉਨ੍ਹਾਂ ਨੇ ਪੂਰਬੀ ਅਤੇ ਦੱਖਣੀ ਭਾਰਤ ਤੋਂ ਭਰਤੀ ਕਰਨੀ ਘੱਟ ਕਰ ਕੇ ਸਿੱਖਾਂ ਨੂੰ ਭਾਰੀ ਗਿਣਤੀ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸਿੱਖ ਰੈਜੀਮੈਂਟ ਬ੍ਰਿਟਿਸ਼ ਫ਼ੌਜ ਦੀ ਰੀੜ੍ਹ ਦੀ ਹੱਡੀ ਬਣ ਗਈ। 1857 ਵਿੱਚ ਸਿੱਖ ਰੈਜੀਮੈਂਟ ਨੂੰ ਲਖਨਊ ਦੇ ਘੇਰੇ ਅਤੇ ਆਰਾ ਸ਼ਹਿਰ ਦੀ ਰੱਖਿਆ ਵੇਲੇ ਦਿਖਾਈ ਗਈ ਬਹਾਦਰੀ ਕਾਰਨ ਸਭ ਤੋਂ ਪਹਿਲੇ ਦੋ ਬਹਾਦਰੀ ਮੈਡਲ ਮਿਲੇ। ਇਨਾਮ ਵਜੋਂ ਇਸ ਨੂੰ ਬਾਕੀ ਦੇਸੀ ਪਲਟਣਾਂ ਤੋਂ ਇੱਕ ਰੈਂਕ ਵੱਧ ਦੀ ਤਰੱਕੀ ਅਤੇ ਲਾਲ ਪਗੜੀ ਬੰਨ੍ਹਣ ਦੀ ਆਗਿਆ ਦਿੱਤੀ ਗਈ। ਬਾਕੀ ਦੇਸੀ ਰੈਜੀਮੈਂਟਾਂ ਨੀਲੀ ਪਗੜੀ ਬੰਨ੍ਹਦੀਆਂ ਸਨ। 12 ਸਤੰਬਰ 1897 ਨੂੰ 4 ਸਿੱਖ ਬਟਾਲੀਅਨ ਦੁਆਰਾ ਲੜੀ ਗਈ ਸਾਰਾਗੜ੍ਹੀ ਦੀ ਜੰਗ ਨੇ ਸਿੱਖ ਰੈਜੀਮੈਂਟ ਨੂੰ ਪ੍ਰਸਿੱਧੀ ਦੀ ਸਿਖਰ ‘ਤੇ ਪਹੁੰਚਾ ਦਿੱਤਾ। 21 ਸਿੱਖਾਂ ਨੇ ਅਸਾਵੇਂ ਮੁਕਾਬਲੇ ਵਿੱਚ 450 ਦੇ ਕਰੀਬ ਕਬਾਇਲੀਆਂ ਨੂੰ ਮਾਰ ਕੇ ਵੀਰਗਤੀ ਪ੍ਰਾਪਤ ਕੀਤੀ। ਇਸ ਜੰਗ ਤੋਂ ਬਾਅਦ ਇਹ ਜੰਗੀ ਕਹਾਵਤ ਮਸ਼ਹੂਰ ਹੋਈ: ‘ਆਖ਼ਰੀ ਗੋਲੀ ਤਕ ਤੇ ਆਖ਼ਰੀ ਆਦਮੀ ਤਕ’। ਇਸ ਬਹਾਦਰੀ ਦੀ ਖ਼ਬਰ ਲੰਡਨ ਪਹੁੰਚਣ ‘ਤੇ ਬ੍ਰਿਟਿਸ਼ ਪਾਰਲੀਮੈਂਟ ਨੇ ਖੜ੍ਹੇ ਹੋ ਕੇ ਸੂਰਮਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਬ੍ਰਿਟਿਸ਼ ਫ਼ੌਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕੋ ਦਿਨ ਇੱਕੀ ਭਾਰਤੀ ਯੋਧਿਆਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਪ੍ਰਦਾਨ ਕੀਤੇ ਗਏ। ਇਹ ਉਸ ਸਮੇਂ ਕਿਸੇ ਭਾਰਤੀ ਫ਼ੌਜੀ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਮਿਲਟਰੀ ਐਵਾਰਡ ਸੀ। ਇਸ ਸੂਰਮਗਤੀ ਕਾਰਨ ਸਾਰੀਆਂ ਸਿੱਖ ਬਟਾਲੀਅਨਾਂ 12 ਸਤੰਬਰ ਨੂੰ ਰੈਜੀਮੈਂਟਲ ਬੈਟਲ ਆਨਰ ਦਿਵਸ ਮਨਾਉਂਦੀਆਂ ਹਨ। 1914 ਵਿੱਚ ਸਿੱਖ ਰੈਜੀਮੈਂਟ ਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਤਾਇਨਾਤ ਕੀਤਾ ਗਿਆ। ਰੈਜੀਮੈਂਟ ਨੇ ਅਨੇਕਾਂ ਦੇਸ਼ਾਂ ਵਿੱਚ ਬਹਾਦਰੀ ਵਿਖਾਈ ਤੇ 28 ਬਹਾਦਰੀ ਮੈਡਲ ਪ੍ਰਾਪਤ ਕੀਤੇ। ਦੋਵਾਂ ਸੰਸਾਰ ਯੁੱਧਾਂ ਵਿੱਚ ਤਿੰਨ ਮਹਾਂਦੀਪਾਂ (ਏਸ਼ੀਆ, ਯੂਰਪ ਅਤੇ ਅਫਰੀਕਾ) ਵਿੱਚ ਤਾਇਨਾਤੀ ਦੌਰਾਨ 83,005 ਸਿੱਖ ਫ਼ੌਜੀ ਸ਼ਹੀਦ ਅਤੇ 1,09,045 ਜ਼ਖ਼ਮੀ ਹੋਏ। 1945 ਵਿੱਚ ਸਿੱਖ ਰੈਜੀਮੈਂਟ ਨੂੰ 14 ਵਿਕਟੋਰੀਆ ਕਰਾਸ (ਸਰਵਉੱਚ ਬ੍ਰਿਟਿਸ਼ ਬਹਾਦਰੀ ਮੈਡਲ) ਪ੍ਰਦਾਨ ਕੀਤੇ ਗਏ ਤੇ ਬਾਕੀ ਦੀ ਸਾਰੀ ਦੇਸੀ ਫ਼ੌਜ ਨੂੰ (ਮੌਜੂਦਾ ਪਾਕਿਸਤਾਨ ਨੂੰ ਮਿਲਾ ਕੇ) 40 ਵਿਕਟੋਰੀਆ ਕਰਾਸ ਪ੍ਰਾਪਤ ਹੋਏ। 2002 ਵਿੱਚ ਵਿਕਟੋਰੀਆ ਕਰਾਸ ਅਤੇ ਜਾਰਜ ਕਰਾਸ ਪ੍ਰਾਪਤ ਕਰਨ ਵਾਲੇ ਸਾਰੇ ਸਿੱਖ ਫ਼ੌਜੀਆਂ ਦੇ ਨਾਂ ਲੰਡਨ ਵਿੱਚ ਬਕਿੰਘਮ ਪੈਲੇਸ ਦੇ ਨਜ਼ਦੀਕ ਮੈਮੋਰੀਅਲ ਗੇਟ ‘ਤੇ ਖੁਦਵਾਏ ਗਏ ਸਨ। ਸਿੱਖ ਰੈਜੀਮੈਂਟ ਨੂੰ ਆਜ਼ਾਦ ਭਾਰਤ ਵਿੱਚ ਵੀ ਸਭ ਤੋਂ ਜ਼ਿਆਦਾ ਬਹਾਦਰੀ ਮੈਡਲ ਪ੍ਰਾਪਤ ਹੋਏ ਹਨ। ਇਸ ਨੂੰ ਦੋ ਪਰਮਵੀਰ ਚੱਕਰ (ਲਾਂਸ ਨਾਇਕ ਕਰਮ ਸਿੰਘ 1947 ਕਸ਼ਮੀਰ ਜੰਗ ਅਤੇ ਸੂਬੇਦਾਰ ਜੋਗਿੰਦਰ ਸਿੰਘ ਭਾਰਤ-ਚੀਨ ਯੁੱਧ 1962), 14 ਮਹਾਂਵੀਰ ਚੱਕਰ, 14 ਕੀਰਤੀ ਚੱਕਰ, 64 ਵੀਰ ਚੱਕਰ, 15 ਸ਼ੌਰਿਆ ਚੱਕਰ, 75 ਸੈਨਾ ਮੈਡਲ ਅਤੇ 25 ਵਸ਼ਿਸ਼ਟ ਸੇਵਾ ਮੈਡਲਾਂ ਸਮੇਤ ਕੁੱਲ 1652 ਮੈਡਲ ਤੇ ਸਨਮਾਨ ਮਿਲ ਚੁੱਕੇ ਹਨ। ਸੂਬੇਦਾਰ ਨੰਦ ਸਿੰਘ ਇੱਕੋ ਇੱਕ ਭਾਰਤੀ ਫ਼ੌਜੀ ਹੈ ਜਿਸ ਨੂੰ ਵਿਕਟੋਰੀਆ ਕਰਾਸ ਤੇ ਮਹਾਂਵੀਰ ਚੱਕਰ, ਦੋਵੇਂ ਪ੍ਰਾਪਤ ਹੋਏ ਹਨ।
ਸਿੱਖ ਰੈਜੀਮੈਂਟ ਦੇ ਜਵਾਨ ਸਿਰਫ਼ ਸਿੱਖ ਭਾਈਚਾਰੇ ‘ਚੋਂ ਭਰਤੀ ਕੀਤੇ ਜਾਂਦੇ ਹਨ, ਪਰ ਅਫ਼ਸਰਾਂ ‘ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। ਜਵਾਨ ਸਾਰੀ ਨੌਕਰੀ ਸਿੱਖ ਰੈਜੀਮੈਂਟ ਵਿੱਚ ਹੀ ਬਿਤਾਉਂਦੇ ਹਨ ਤੇ ਅਫ਼ਸਰ ਆਉਂਦੇ ਜਾਂਦੇ ਰਹਿੰਦੇ ਹਨ। ਇੱਕ ਵਾਰ ਤਜ਼ਰਬੇ ਦੇ ਤੌਰ ‘ਤੇ 13 ਸਿੱਖ ਬਟਾਲੀਅਨ ਨੂੰ ਡੋਗਰਾ, ਗੜ੍ਹਵਾਲੀ ਅਤੇ ਦੱਖਣ ਭਾਰਤੀ ਜਵਾਨਾਂ ਨਾਲ ਸੁਸੱਜਿਤ ਕੀਤਾ ਗਿਆ ਸੀ, ਪਰ ਬਾਅਦ ਵਿੱਚ ਸਿੱਖਾਂ ਨੂੰ ਛੱਡ ਕੇ ਬਾਕੀ ਸਾਰੇ ਜਵਾਨ ਪਿੱਤਰੀ ਯੂਨਿਟਾਂ ਵਿੱਚ ਵਾਪਸ ਭੇਜ ਦਿੱਤੇ ਗਏ। ਪਹਿਲੀ ਤੇ ਨੌਵੀਂ ਬਟਾਲੀਅਨ ਸਿੱਖ ਰੈਜੀਮੈਂਟ ਵਿੱਚੋਂ ਖ਼ਤਮ ਕਰ ਦਿੱਤੀ ਗਈ ਹੈ। ਪਹਿਲੀ ਬਟਾਲੀਅਨ ਦਾ ਨਾਂ ਹੁਣ ਮੈਕੇਨਾਈਜ਼ਡ ਇਨਫੈਂਟਰੀ ਹੈ ਤੇ 9 ਸਿੱਖ ਨੂੰ 1984 ਵਿੱਚ ਆਪਰੇਸ਼ਨ ਬਲਿਊ ਸਟਾਰ ਵੇਲੇ ਬਗਾਵਤ ਕਰਨ ਕਾਰਨ ਸਜ਼ਾ ਵਜੋਂ ਭੰਗ ਕਰ ਦਿੱਤਾ ਗਿਆ ਸੀ। ਆਜ਼ਾਦੀ ਤੋਂ ਬਾਅਦ ਸਿੱਖ ਰੈਜੀਮੈਂਟ ਨੇ ਚੀਨ ਖ਼ਿਲਾਫ਼ ਜੰਗ ਅਤੇ ਕਾਰਗਿਲ ਦੀ ਜੰਗ ਵੇਲੇ ਟਾਈਗਰ ਹਿੱਲ ਦੀ ਹੱਥੋ ਹੱਥ ਲੜਾਈ ਵਿੱਚ ਕਮਾਲ ਦੀ ਬਹਾਦਰੀ ਵਿਖਾਈ। ਸਿੱਖ ਰੈਜੀਮੈਂਟ ਰਹਿੰਦੀ ਦੁਨੀਆਂ ਤਕ ਦੁਸ਼ਮਣਾਂ ਦੇ ਦਿਲਾਂ ਵਿੱਚ ਖ਼ੌਫ਼ ਪੈਦਾ ਕਰਦੀ ਰਹੇਗੀ। ਕਿਸੇ ਮੋਰਚੇ ‘ਤੇ ਸਿੱਖ ਰੈਜੀਮੈਂਟ ਦੀ ਮੌਜੂਦਗੀ ਹੀ ਦੁਸ਼ਮਣਾਂ ਦੇ ਦਿਲ ਢਾਹੁਣ ਲਈ ਕਾਫ਼ੀ ਹੁੰਦੀ ਹੈ। ਇਹ ਅਟੱਲ ਸੱਚਾਈ ਹੈ ਕਿ ਅੱਜ ਤਕ ਕਦੇ ਵੀ ਸਿੱਖ ਰੈਜੀਮੈਂਟ ਦੀ ਕੋਈ ਟੁਕੜੀ ਰਣ ਤੱਤੇ ਵਿੱਚ ਮੋਰਚਾ ਛੱਡ ਕੇ ਨਹੀਂ ਭੱਜੀ।
ਪਿਛਲੇ ਸਾਲ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਐਲਾਨ ਹੋਇਆ ਕਿ ਬ੍ਰਿਟਿਸ਼ ਫ਼ੌਜ ਦੁਬਾਰਾ ਸਿੱਖ ਰੈਜੀਮੈਂਟ ਬਹਾਲ ਕਰਨ ਬਾਰੇ ਸੋਚ ਰਹੀ ਹੈ। ਇਹ ਵਿਚਾਰ 2007 ਵਿੱਚ ਇੰਗਲੈਂਡ ਦੇ ਨਸਲੀ ਬਰਾਬਰੀ ਬਾਰੇ ਕਮਿਸ਼ਨ ਨੇ ਨਸਲੀ ਵਿਤਕਰੇ ਵਾਲਾ ਕਹਿ ਕੇ ਦਰਕਿਨਾਰ ਕਰ ਦਿੱਤਾ ਸੀ। ਹਾਊਸ ਆਫ ਕਾਮਨਜ਼ ਦੁਆਰਾ ਪਾਸ ਕੀਤੇ ਜਾਣ ਤੋਂ ਬਾਅਦ ਇਹ ਪ੍ਰਸਤਾਵ ਹੁਣ ਬ੍ਰਿਟਿਸ਼ ਫ਼ੌਜ ਪਾਸ ਵਿਚਾਰ ਅਧੀਨ ਹੈ। ਇਸ ਵੇਲੇ ਬ੍ਰਿਟਿਸ਼ ਫ਼ੌਜ ਵਿੱਚ ਕਰੀਬ 160 ਸਿੱਖ ਫ਼ੌਜੀ ਨੌਕਰੀ ਕਰ ਰਹੇ ਹਨ, ਪਰ ਗੋਰਖਾ ਰੈਜੀਮੈਂਟ ਵਾਂਗ ਕੋਈ ਅਲੱਗ ਸਿੱਖ ਰੈਜੀਮੈਂਟ ਨਹੀਂ ਹੈ।
from Punjab News – Latest news in Punjabi http://ift.tt/1WhjviW
0 comments