ਬੇਬੋ ਉਰਫ਼ ਕਰੀਨਾ ਕਪੂਰ ਖ਼ਾਨ ਦੀ ਜ਼ਿੰਦਗੀ ਵਿੱਚ ਭਾਵੇਂ ਕਾਫ਼ੀ ਉਤਰਾਅ-ਚਡ਼੍ਹਾਅ ਆਏ, ਪਰ ਇਸ ਸਭ ਦੇ ਬਾਵਜੂਦ ਉਸ ਨੇ ਬਾਲੀਵੁੱਡ ’ਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਬਾਲੀਵੁੱਡ ’ਚ ‘ਸਾਈਜ਼ ਜ਼ੀਰੋ’ ਲੈ ਕੇ ਆਉਣ ਵਾਲੀ ਕਰੀਨਾ ਕਪੂਰ ਭਾਵੇਂ ਆਪਣੀ ਦਿੱਖ ਤੇ ਸਟਾਈਲ ਨੂੰ ਲੈ ਕੇ ਹਮੇਸ਼ਾਂ ਸੁਚੇਤ ਰਹਿੰਦੀ ਹੈ, ਪਰ ਫੈਸ਼ਨ ਨੂੰ ਲੈ ਕੇ ਉਹ ਸ਼ੁਰੂ ਤੋਂ ਹੀ ਸਹਿਜ ਰਹੀ ਹੈ। ਕਰੀਨਾ ਦੀ ਖ਼ੁਸ਼ਕਿਸਮਤੀ ਹੈ ਕਿ ਵਿਆਹ ਤੋਂ ਬਾਅਦ ਵੀ ਉਸ ਦਾ ਫ਼ਿਲਮੀ ਕਰੀਅਰ ਵਧੀਆ ਚੱਲ ਰਿਹਾ ਹੈ ਤੇ ਹੋਰ ਵਿਆਹੁਤਾ ਨਾਇਕਾਵਾਂ ਵਾਂਗ ਉਸ ਦੀ ਪ੍ਰਸਿੱਧੀ ਨਹੀਂ ਘਟੀ। ਉਂਜ, ਕਰੀਨਾ ਨੇ ਆਪਣੇ ਆਪ ਨੂੰ ਪੂਰਾ ਫਿੱਟ ਵੀ ਰੱਖਿਆ ਹੋਇਆ ਹੈ। ਇਹੀ ਕਾਰਨ ਹੈ ਕਿ ਉਹ ਹੁਣ ਵੀ ਮਰਜ਼ੀ ਦੀਆਂ ਫ਼ਿਲਮਾਂ ਕਰ ਰਹੀ ਹੈ। ਕਰੀਨਾ ਦਾ ਆਉਣ ਵਾਲਾ ਸਮਾਂ ਵੀ ਕਾਫ਼ੀ ਖ਼ੁਸ਼ਹਾਲ ਹੋ ਸਕਦਾ ਹੈ ਕਿਉਂਕਿ ਉਸ ਦੇ ਹਿੱਸੇ ਘੱਟ ਹੀ ਸਹੀ, ਪਰ ਅੌਰਤ ਪ੍ਰਧਾਨ ਕਿਰਦਾਰ ਵਾਲੀਆਂ ਚੰਗੀਆਂ ਫ਼ਿਲਮਾਂ ਹਨ ਅਤੇ ਕਿਰਦਾਰ ਵੀ ਉਸ ਦੇ ਪਸੰਦੀਦਾ ਆਧੁਨਿਕ ਹਨ। ਇਹੀ ਕਾਰਨ ਹੈ ਕਿ ਉਹ ਅੱਜ-ਕੱਲ੍ਹ ਬਹੁਤ ਖ਼ੁਸ਼ ਹੈ। ਬੀਤੇ ਦਿਨੀਂ ਕਰੀਨਾ ਕਪੂਰ ਨਾਲ ਗੱਲਬਾਤ ਹੋਈ। ਪਾਠਕਾਂ ਦੀ ਦਿਲਚਸਪੀ ਲਈ ਮੁਲਾਕਾਤ ਦੇ ਮੁੱਖ ਅੰਸ਼ ਪੇਸ਼ ਹਨ:-
* ਆਪਣੀ ਆਉਣ ਵਾਲੀ ਫ਼ਿਲਮ ‘ਕੀ ਐਂਡ ਕਾ’ ਬਾਰੇ ਕੁਝ ਦੱਸੋ?
– ‘ਚੀਨੀ ਕਮ’, ‘ਪਾ’ ਅਤੇ ‘ਸ਼ਮੀਤਾਭ’ ਜਿਹੀਆਂ ਫ਼ਿਲਮਾਂ ਦੇ ਨਿਰਦੇਸ਼ਕ ਤੇ ਲੇਖਕ ਆਰ. ਬਾਲਕੀ ਦੀ ਨਵੀਂ ਫ਼ਿਲਮ ‘ਕੀ ਐਂਡ ਕਾ’ ਵਿੱਚ ਮੇਰੇ ਨਾਲ ਅਰਜੁਨ ਕਪੂਰ ਮੁੱਖ ਭੂਮਿਕਾ ’ਚ ਹੈ। ਇਹ ਇੱਕ ਬੇਹੱਦ ਉਤਸ਼ਾਹੀ ਲਡ਼ਕੀ ਅਤੇ ਇੱਕ ਵੱਖਰੀ ਤਰ੍ਹਾਂ ਦੇ ਨੌਜਵਾਨ ਦੀ ਪ੍ਰੇਮ ਕਹਾਣੀ ਹੈ। ਫ਼ਿਲਮ ਵਿੱਚ ਅਮਿਤਾਭ ਬੱਚਨ ਵੀ ਮਹਿਮਾਨ ਦੀ ਭੂਮਿਕਾ ’ਚ ਨਜ਼ਰ ਆਉਣਗੇ। ਅਰਜੁਨ ਕਪੂਰ ਨਾਲ ਇਹ ਮੇਰੀ ਪਹਿਲੀ ਫ਼ਿਲਮ ਹੈ। ਫ਼ਿਲਮ ਵਿੱਚ ਸਾਡਾ ਪਤੀ-ਪਤਨੀ ਦਾ ਕਿਰਦਾਰ ਹੈ। ਮੈਂ ਆਧੁਨਿਕ ਬਿਜ਼ਨੈਸ ਵਿਮੈਨ ਦਾ ਕਿਰਦਾਰ ਨਿਭਾ ਰਹੀ ਹਾਂ ਜਦੋਂਕਿ ਅਰਜੁਨ ਕਪੂਰ ਘਰੇਲੂ ਪਤੀ ਦਾ ਕਿਰਦਾਰ ਨਿਭਾ ਰਿਹਾ ਹੈ।
* ਇਸ ਫ਼ਿਲਮ ਵਿੱਚ ਤੁਸੀਂ ਬਿਲਕੁਲ ਆਧੁਨਿਕ ਦਿੱਖ ’ਚ ਨਜ਼ਰ ਆਓਗੇ, ਪਰ ਫਿਰ ਵੀ ਤੁਸੀਂ ਅਰਜੁਨ ਕਪੂਰ ਨਾਲ ਨਜ਼ਦੀਕੀ ਦ੍ਰਿਸ਼ ਦੇਣ ਤੋਂ ਮਨ੍ਹਾ ਕਰ ਦਿੱਤਾ?
– ਜੀ ਹਾਂ, ਇਹ ਸੱਚ ਹੈ। ਮੈਂ ਫ਼ਿਲਮ ਦੇ ਨਿਰਦੇਸ਼ਕ ਨੂੰ ਪਹਿਲਾਂ ਹੀ ਫ਼ਿਲਮ ਵਿੱਚ ਬਹੁਤ ਘੱਟ ਨਜ਼ਦੀਕੀ ਦ੍ਰਿਸ਼ ਅਤੇ ਕੋਈ ਵੀ ਬੋਲਡ ਦ੍ਰਿਸ਼ ਨਾ ਰੱਖਣ ਦੀ ਹਦਾਇਤ ਕੀਤੀ ਸੀ। ਮੈਂ ਸਾਫ਼ ਕਹਿ ਦਿੱਤਾ ਸੀ ਕਿ ਕੋਈ ਵੀ ਚੁੰਮਣ ਦ੍ਰਿਸ਼ ਨਹੀਂ ਕਰਾਂਗੀ। ਉਂਜ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੈਂ ਕਿਸੇ ਫ਼ਿਲਮ ਵਿੱਚ ਚੁੰਮਣ ਦ੍ਰਿਸ਼ ਤੋਂ ਇਨਕਾਰ ਕੀਤਾ ਹੋਵੇ। ਇਸ ਤੋਂ ਪਹਿਲਾਂ ਫ਼ਿਲਮ ‘ਸੱਤਿਆਗ੍ਰਹਿ’ ਵਿੱਚ ਮੈਂ ਅਜੈ ਦੇਵਗਨ ਨਾਲ ਅਜਿਹੇ ਦ੍ਰਿਸ਼ ਤੋਂ ਇਨਕਾਰ ਕਰ ਚੁੱਕੀ ਹਾਂ। ਅਸਲ ਵਿੱਚ ਵਿਆਹ ਤੋਂ ਬਾਅਦ ਮੈਂ ਫ਼ਿਲਮਾਂ ਵਿੱਚ ਨਜ਼ਦੀਕੀ ਦ੍ਰਿਸ਼ ਆਦਿ ਕਰਨ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਸੀ।
* ਸ਼ਾਹਿਦ ਕਪੂਰ ਨਾਲ ਤੁਹਾਡੀ ਫ਼ਿਲਮ ‘ਉਡਤਾ ਪੰਜਾਬ’ ਵੀ ਬਡ਼ੀ ਚਰਚਾ ਵਿੱਚ ਹੈ?
– ਅਭਿਸ਼ੇਕ ਚੌਬੇ ਦੇ ਨਿਰਦੇਸ਼ਨ ’ਚ ਬਣ ਰਹੀ ‘ਉਡਤਾ ਪੰਜਾਬ’ ਵਿੱਚ ਮੈਂ ਇੱਕ ਡਾਕਟਰ ਦੀ ਭੂਮਿਕਾ ’ਚ ਨਜ਼ਰ ਆਉਣ ਵਾਲੀ ਹਾਂ। ਫ਼ਿਲਮ ਵਿੱਚ ਮੇਰੇ ਤੋਂ ਇਲਾਵਾ ਸ਼ਾਹਿਦ ਕਪੂਰ ਅਤੇ ਆਲੀਆ ਭੱਟ ਮੁੱਖ ਭੂਮਿਕਾ ’ਚ ਦਿਸਣਗੇ। ਮੈਂ ਇਸ ਫ਼ਿਲਮ ਲਈ ਵਿਸ਼ੇਸ਼ ਤੌਰ ’ਤੇ ਪੰਜਾਬੀ ਸਿੱਖੀ ਹੈ। ਦਰਸ਼ਕਾਂ ਨੇ ਹਮੇਸ਼ਾਂ ਮੇਰੇ ਡਾਕਟਰ ਰੂਪ ਨੂੰ ਪਸੰਦ ਕੀਤਾ ਹੈ। ਉਮੀਦ ਹੈ ਕਿ ਇਸ ਵਾਰ ਵੀ ਕਰਨਗੇ। ਫ਼ਿਲਮ ਵਿੱਚ ਆਲੀਆ ਇੱਕ ਬਿਹਾਰੀ ਪਰਵਾਸੀ ਦੀ ਭੂਮਿਕਾ ਕਰ ਰਹੀ ਹੈ ਜੋ ਨਸ਼ੇਡ਼ੀ ਹੈ। ਫ਼ਿਲਮ ਵਿੱਚ ਆਲੀਆ ਤੇ ਸ਼ਾਹਿਦ ਦੀ ਰੁਮਾਂਟਿਕ ਜੋਡ਼ੀ ਹੈ।
* ਤੁਹਾਡੇ ਕੋਲ ਬਹੁਤ ਘੱਟ ਫ਼ਿਲਮਾਂ ਹਨ, ਪਰ ਫਿਰ ਵੀ ਤੁਸੀਂ ਇੱਕ ਬਾਇਓਪਿਕ ’ਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ?
– ਸਿਰਫ਼ ਇੱਕ ਨਹੀਂ, ਕਈ ਅਜਿਹੇ ਪ੍ਰਾਜੈਕਟ ਮੈਂ ਠੁਕਰਾਏ ਹਨ। ਮੈਂ ਕਾਫ਼ੀ ਸੋਝ-ਸਮਝ ਕੇ ਫ਼ਿਲਮਾਂ ਦੀ ਚੋਣ ਕਰ ਰਹੀ ਹਾਂ। ਮੈਨੂੰ ਆਈ.ਪੀ.ਐਸ. ਅਫ਼ਸਰ ਕਿਰਨ ਬੇਦੀ ਦੇ ਜੀਵਨ ’ਤੇ ਰਾਜਕੁਮਾਰ ਗੁਪਤਾ ਦੁਆਰਾ ਬਣਾਈ ਜਾ ਰਹੀ ਫ਼ਿਲਮ ‘ਸੈਕਸ਼ਨ 84’ ਦੀ ਪੇਸ਼ਕਸ਼ ਹੋਈ ਸੀ, ਪਰ ਮੈਂ ਮਨ੍ਹਾ ਕਰ ਦਿੱਤਾ। ਜਿੱਥੋਂ ਤਕ ਬਾਇਓਪਿਕ ਦਾ ਸਬੰਧ ਹੈ ਤਾਂ ਇਸ ਉਮਰ ਵਿੱਚ ਮੈਂ ਕੋਈ ਵੀ ਬਾਇਓਪਿਕ ਨਹੀਂ ਕਰਨਾ ਚਾਹੁੰਦੀ। ਜਦੋਂ ਮੈਂ ਉਸ ਉਮਰ ਦੀ ਹੋਵਾਂਗੀ ਤਾਂ ਅਜਿਹੀ ਫ਼ਿਲਮ ਕਰਨਾ ਚਾਹਾਂਗੀ। ਜੇ ਕਦੇ ਫਿਰ ਵੀ ਕੋਈ ਫ਼ਿਲਮ ਕੀਤੀ ਤਾਂ ‘ਦਿ ਬ੍ਰਿਜੇਕਾ ਆਫ਼ ਮੈਡੀਸਨ ਕਾਊਂਟੀ’ ਜਿਹੀ ਫ਼ਿਲਮ ਹੀ ਕਰਾਂਗੀ।
* ਤੁਸੀਂ ਫਿਰ ‘ਸਾਈਜ਼ ਜ਼ੀਰੋ’ ਵੱਲ ਵਧ ਰਹੇ ਹੋ। ਤੁਹਾਡੀ ਫਿਟਨੈੱਸ ਦਾ ਕੀ ਰਾਜ਼ ਹੈ?
– ਮੇਰੀ ਫਿਟਨੈੱਸ ਦਾ ਰਾਜ ਸਲਾਦ ਜਾਂ ਜੂਸ ਨਾਲ ਬੱਝੇ ਰਹਿਣ ਦੀ ਬਜਾਏ ਮੇਰੀ ਦਾਦੀ ਮਾਂ ਦਾ ਨੁਸਖਾ ਹੈ। ਮੈਂ ਘਰ ਦਾ ਬਣਿਆ ਸਾਦਾ ਖਾਣਾ ਜਿਵੇਂ ਦਾਲ, ਚੌਲ, ਰੋਟੀ, ਸਬਜ਼ੀ ਤੇ ਘਿਓ ਖਾਂਦੀ ਹਾਂ। ਘਿਓ ਦੇ ਕਈ ਫਾਇਦੇ ਹਨ ਜਿਨ੍ਹਾਂ ਵੱਲ ਅਸੀਂ ਕਦੇ ਧਿਆਨ ਨਹੀਂ ਦਿੰਦੇ। ਮੇਰੀ ਦਾਦੀ ਇਸ ਸਮੇਂ 84 ਸਾਲ ਦੇ ਹਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਹਨ। ਮੇਰਾ ਮੰਨਣਾ ਹੈ ਕਿ ਸਰੀਰਕ ਸੁੰਦਰਤਾ ਲਈ ਬਾਹਰੀ ਖਾਣੇ ਖ਼ਾਸ ਤੌਰ ’ਤੇ ਜੰਕ ਫੂਡ ਤੋਂ ਪਰਹੇਜ਼ ਕੀਤਾ ਜਾਵੇ। ਮੈਨੂੰ ਵਧੇਰੇ ਡਾਈਟਿੰਗ ਪਸੰਦ ਨਹੀਂ, ਪਰ ਮੈਂ ਖਾਣ ਤੋਂ ਬਾਅਦ ਜਿਮ ’ਚ ਪਸੀਨਾ ਵਹਾਉਣ ਵਿੱਚ ਵਿਸ਼ਵਾਸ ਰੱਖਦੀ ਹਾਂ। ਮੈਂ ਦਿਨ ਦੀ ਸ਼ੁਰੂਆਤ ਬਨਾਨਾ ਸ਼ੇਕ ਨਾਲ ਕਰਦੀ ਹਾਂ ਅਤੇ ਫਿਰ ਥੋਡ਼੍ਹੇ ਸਮੇਂ ਬਾਅਦ ਬਰਫ਼ੀ ਖਾਂਦੀ ਹਾਂ। ਮੇਰੇ ਮੁਤਾਬਕ ਸ਼ਾਕਾਹਾਰੀ ਖਾਣਾ ਹੀ ਸਿਹਤਮੰਦੀ ਤੇ ਖ਼ੂਬਸੂਰਤੀ ਦਾ ਅਸਲੀ ਰਾਜ਼ ਹੈ।
* ਤੁਹਾਡੇ ਲਈ ਫੈਸ਼ਨ ਕੀ ਹੈ?
– ਰੋਜ਼ਾਨਾ ਵਰਤੋਂ ਦੇ ਆਰਾਮਦਾਇਕ ਕੱਪਡ਼ੇ ਜਿਵੇਂ ਜੀਨ, ਟ੍ਰੈਕ ਸੂਟ, ਟੀ-ਸ਼ਰਟ ਪਹਿਨਣਾ ਹੀ ਮੇਰੇ ਲਈ ਫੈਸ਼ਨ ਹੈ। ਮੇਰੇ ਮੁਤਾਬਕ ਤੁਸੀਂ ਜੋ ਕੱਪਡ਼ਾ ਪਾ ਕੇ ਆਰਾਮਦਾਇਕ ਮਹਿਸੂਸ ਕਰਦੇ ਹੋ ਉਹ ਫੈਸ਼ਨ ਹੈ। ਇਸ ਤੋਂ ਵੱਡਾ ਕੋਈ ਸਟਾਈਲ ਨਹੀਂ ਹੋ ਸਕਦਾ ਹੈ। ਮੈਂ ਸਿਰਫ਼ ਰੈੱਡ ਕਾਰਪੇਟ ਸਮਾਰੋਹ ਲਈ ਹੀ ਗਾਊਨ ਪਹਿਨਣ ਦਾ ਫ਼ੈਸਲਾ ਕਰਦੀ ਹਾਂ ਅਤੇ ਆਮ ਤੌਰ ’ਤੇ ਆਰਾਮਦਾਇਕ ਕੱਪਡ਼ੇ ਹੀ ਪਹਿਨਣੇ ਪਸੰਦ ਕਰਦੀ ਹਾਂ।
* ਤੁਹਾਡੇ ਵਿਆਹ ਨੂੰ ਤਿੰਨ ਸਾਲ ਹੋ ਗਏ ਹਨ। ਮਾਂ ਬਣਨ ਦਾ ਕੋਈ ਇਰਾਦਾ ਹੈ?
– ਮੈਂ ਹਾਲੇ ਦੋ-ਤਿੰਨ ਸਾਲ ਤਕ ਮਾਂ ਨਹੀਂ ਬਣਨਾ ਚਾਹੁੰਦੀ। ਮੈਂ ਵਿਆਹ ਦੇ ਬਾਵਜੂਦ ਚੰਗੀਆਂ ਵਪਾਰਕ ਤੇ ਮਨੋਰੰਜਨ ਭਰਪੂਰ ਫ਼ਿਲਮਾਂ ਕੀਤੀਆਂ ਹਨ ਅਤੇ ਹਾਲੇ ਬਹੁਤ ਕੁਝ ਕਰਨਾ ਹੈ। ਇਸ ਲਈ 2-3 ਸਾਲ ਤਕ ਬੱਚੇ ਨੂੰ ਲੈ ਕੇ ਕੋਈ ਯੋਜਨਾ ਨਹੀਂ ਹੈ। ਉਂਜ, ਮੈਂ ਇੱਕ ਦਿਨ ਮਾਂ ਜ਼ਰੂਰ ਬਣਾਂਗੀ, ਪਰ ਫਿਲਹਾਲ ਇਸ ਬਾਰੇ ਨਹੀਂ ਸੋਚ ਰਹੀ।
from Punjab News – Latest news in Punjabi http://ift.tt/1QaNNz2
0 comments