-ਡਾ. ਬਲਵੰਤ ਸਿੰਘ ਸੰਧੂ
ਖੇਡਾਂ ਅਤੇ ਜ਼ਿੰਦਗੀ ਦਾ ਆਪਸ ਵਿੱਚ ਸਬੰਧ ਇਸ ਤਰ੍ਹਾਂ ਹੈ ਜਿਵੇਂ ਕਿਸੇ ਸਾਜ਼ ‘ਤੇ ਕੋਈ ਨਗ਼ਮਾ ਗੂੰਜਦਾ ਹੋਵੇ। ਖੇਡਾਂ ਜ਼ਿੰਦਗੀ ਦੇ ਸਾਜ਼ ‘ਤੇ ਗਾਇਆ ਜਾਣ ਵਾਲਾ ਇੱਕ ਅਜਿਹਾ ਖ਼ੂਬਸੂਰਤ ਨਗ਼ਮਾ ਹੈ ਜਿਸ ਨਾਲ ਮਨੁੱਖੀ ਮਨ ਨੂੰ ਅਨੰਦਿਤ ਕਰਨ ਵਾਲਾ ਰਸ ਉਪਜਦਾ ਹੈ। ਜਿੱਥੇ ਖੇਡਾਂ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਹਨ, ਉੱਥੇ ਜ਼ਿੰਦਗੀ ਵੀ ਇੱਕ ਤਰ੍ਹਾਂ ਨਾਲ ਖੇਡ ਹੀ ਹੈ। ਮਨੁੱਖ ਸੁਰਤ ਸੰਭਲਦਿਆਂ ਹੀ ਖੇਡਾਂ ਖੇਡਣ ਲੱਗਦਾ ਹੈ। ਮਨੁੱਖ ਜਿਵੇਂ ਜਿਵੇਂ ਜਵਾਨ ਹੁੰਦਾ ਹੈ, ਉਸ ਦੀਆਂ ਖੇਡਾਂ ਦਾ ਰੂਪ ਬਦਲ ਜਾਂਦਾ ਹੈ। ਖੇਡਾਂ ਕਈਆਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਹਨ ਅਤੇ ਕਈ ਖੇਡਾਂ ਨੂੰ ਹੀ ਜ਼ਿੰਦਗੀ ਮੰਨ ਬੈਠਦੇ ਹਨ। ਖੇਡਾਂ ਅਤੇ ਜ਼ਿੰਦਗੀ ਦੀ ਬੁੱਕਲ ਵਿੱਚੋਂ ਬਹੁਤ ਕੁੱਝ ਸਾਰਥਿਕ, ਸਿਹਤਮੰਦ, ਸੰਜਮਮਈ ਤੇ ਸਿਰਜਣਾਤਮਕ ਨਿਕਲਦਾ ਹੈ। ਖੇਡਾਂ ਜ਼ਿੰਦਗੀ ਦੀ ਬਗੀਚੀ ਵਿੱਚ ਅਨੇਕ ਭਾਂਤ ਦੇ ਫੁੱਲ ਖਿੜਾ ਦਿੰਦੀਆਂ ਹਨ। ਖਿਡਾਰੀ ਨੂੰ ਖੇਡਾਂ ਰਾਹੀਂ ਆਇਆ ਪਸੀਨਾ ਅਤਰ ਫੁਲੇਲ ਬਣ ਕੇ ਉਸ ਦੀ ਮਹਿਕ ਨੂੰ ਬਹੁਤ ਦੂਰ ਤਕ ਖਿੰਡਾ ਦਿੰਦਾ ਹੈ।
ਜਿਵੇਂ ਖੇਡਾਂ ਖੇਡਣ ਲਈ ਹਰ ਖਿਡਾਰੀ ਨੂੰ ਨਿਸ਼ਚਿਤ ਸਮਾਂ ਮਿਲਦਾ ਹੈ, ਉਸੇ ਤਰ੍ਹਾਂ ਇਨਸਾਨ ਕੋਲ ਵੀ ਇਸ ਧਰਤੀ ਉੱਤੇ ਜ਼ਿੰਦਗੀ ਦੀ ਖੇਡ ਖੇਡਣ ਲਈ ਨਿਸ਼ਚਿਤ ਸਮਾਂ ਹੈ। ਫ਼ਰਕ ਸਿਰਫ਼ ਏਨਾ ਹੈ ਕਿ ਖਿਡਾਰੀ ਨੂੰ ਪਹਿਲਾਂ ਹੀ ਸਮੇਂ ਬਾਰੇ ਪਤਾ ਹੁੰਦਾ ਹੈ ਜਦੋਂਕਿ ਇਨਸਾਨ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਕੋਲ ਕਿੰਨਾ ਸਮਾਂ ਹੈ, ਪਰ ਇਸ ਗੱਲ ਦਾ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਉਸ ਕੋਲ ਜਿੰਨਾ ਵੀ ਸਮਾਂ ਹੈ, ਉਹ ਨਿਸ਼ਚਿਤ ਹੈ। ਹਰ ਖੇਡ ਜਿੱਥੇ ਸੀਟੀ ਦੀ ਆਵਾਜ਼ ਨਾਲ ਸ਼ੁਰੂ ਹੁੰਦੀ ਹੈ, ਉੱਥੇ ਜ਼ਿੰਦਗੀ ਦੀ ਖੇਡ ਬੱਚੇ ਦੇ ਜਨਮ ਸਮੇਂ ਮਾਰੀ ਲੇਰ ਨਾਲ ਸ਼ੁਰੂ ਹੁੰਦੀ ਹੈ।
ਖੇਡਾਂ ਅਤੇ ਜ਼ਿੰਦਗੀ ਦਾ ਬੜਾ ਨੇੜੇ ਦਾ ਸਬੰਧ ਹੈ। ਉਂਜ ਤਾਂ ਹਰ ਖੇਡ ਹੀ ਜ਼ਿੰਦਗੀ ਨਾਲ ਬੜੇ ਨੇੜੇ ਤੋਂ ਜੁੜੀ ਹੁੰਦੀ ਹੈ। ਜਿਵੇਂ ਇਨਸਾਨ ਇਸ ਧਰਤੀ ‘ਤੇ ਜੀਵਨ ਬਿਤਾਉਣ ਲਈ ਕਈ ਤਰ੍ਹਾਂ ਦੀਆਂ ਜੁਗਤਾਂ ਅਪਣਾਉਂਦਾ ਹੈ, ਉਸੇ ਤਰ੍ਹਾਂ ਖਿਡਾਰੀ ਵੀ ਕਈ ਜੁਗਤਾਂ ਦੀ ਵਰਤੋਂ ਕਰਦਾ ਹੈ। ਜਿਸ ਤਰ੍ਹਾਂ ਇਨਸਾਨ ਜਨਮ ਲੈਂਦਾ ਹੈ ਅਤੇ ਫਿਰ ਵੱਡਾ ਹੋ ਕੇ ਜ਼ਿੰਦਗੀ ਦੇ ਬਹੁਤ ਸਾਰੇ ਨਿਯਮ ਸਿੱਖਦਾ ਰਹਿੰਦਾ ਹੈ ਤਾਂ ਕਿ ਵਧੀਆ ਢੰਗ ਨਾਲ ਜੀਵਨ ਬਤੀਤ ਕਰ ਸਕੇ। ਇਸੇ ਤਰ੍ਹਾਂ ਖਿਡਾਰੀ ਜਦੋਂ ਖੇਡ ਮੈਦਾਨ ਵਿੱਚ ਪੈਰ ਪਾਉਣਾ ਸਿੱਖਦਾ ਹੈ ਤਾਂ ਉਹ ਆਪਣੇ ਖੇਡ ਜੀਵਨ ਵਿੱਚ ਅਜੇ ਬੱਚਾ ਹੀ ਹੁੰਦਾ ਹੈ। ਫਿਰ ਜਿਵੇਂ ਜਿਵੇਂ ਉਹ ਖੇਡ ਦੇ ਨਿਯਮ ਤੇ ਜੁਗਤਾਂ ਸਿੱਖਦਾ ਹੈ, ਉਹ ਵੱਡਾ ਹੁੰਦਾ ਜਾਂਦਾ ਹੈ।
ਖੇਡਾਂ ਵਿਚਲੀਆਂ ਜਿੱਤਾਂ ਹਾਰਾਂ ਵੀ ਇਨਸਾਨੀ ਜੀਵਨ ਨਾਲ ਸਿੱਧੀਆਂ ਹੀ ਜੁੜੀਆਂ ਹੁੰਦੀਆਂ ਹਨ। ਜਿਵੇਂ ਹਰ ਖੇਡ ਵਿਚਲੀ ਜਿੱਤ-ਹਾਰ ਖਿਡਾਰੀ ਦੇ ਮਨ ਉੱਤੇ ਅਸਰ ਪਾਉਂਦੀ ਹੈ, ਉਸੇ ਤਰ੍ਹਾਂ ਜੀਵਨ ਵਿੱਚ ਪ੍ਰਾਪਤੀਆਂ-ਅਪ੍ਰਾਪਤੀਆਂ ਵੀ ਇਨਸਾਨ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਸ ਤਰ੍ਹਾਂ ਇਨ੍ਹਾਂ ਜਿੱਤਾਂ ਹਾਰਾਂ ਦਾ ਮਨ ਉੱਤੇ ਪ੍ਰਭਾਵ ਬਹੁਤਾ ਚਿਰ ਨਹੀਂ ਰਹਿੰਦਾ, ਉਸੇ ਤਰ੍ਹਾਂ ਆਮ ਜੀਵਨ ਵਿੱਚ ਵੀ ਇਹ ਪ੍ਰਭਾਵ ਚਿਰ ਸਥਾਈ ਨਹੀਂ ਰਹਿੰਦਾ। ਵਿਹਾਰਕ ਜੀਵਨ ਵਿੱਚ ਪ੍ਰਾਪਤੀਆਂ ਦੀ ਚਮਕ ਮੱਧਮ ਪੈ ਜਾਂਦੀ ਹੈ ਅਤੇ ਹਾਰਾਂ ਤੋਂ ਵੀ ਮਨੁੱਖ ਛੇਤੀ ਹੀ ਬਾਹਰ ਨਿਕਲ ਆਉਂਦਾ ਹੈ। ਹਾਰਾਂ ਦਾ ਹਥੌੜਾ ਮਨੁੱਖੀ ਮਨ ਨੂੰ ਹੋਰ ਵੀ ਠੋਸ ਬਣਾ ਦਿੰਦਾ ਹੈ। ਵਿਹਾਰਕ ਜ਼ਿੰਦਗੀ ਵਿੱਚ ਹਾਰਾਂ ਬਰਦਾਸ਼ਤ ਕਰਨ ਲਈ ਖੇਡ ਮੈਦਾਨ ਦੀਆਂ ਹਾਰਾਂ ਮਨੁੱਖੀ ਮਨ ਨੂੰ ਤਿਆਰ ਕਰ ਦਿੰਦੀਆਂ ਹਨ।
ਜਿਸ ਤਰ੍ਹਾਂ ਟੀਮ ਵਾਲੀ ਖੇਡ ਵਿੱਚ ਖਿਡਾਰੀ ਇੱਕ ਦੂਜੇ ਨੂੰ ਛੋਟੇ ਛੋਟੇ ਪਾਸ ਦੇ ਕੇ ਮੰਜ਼ਿਲ ਭਾਵ ਗੋਲ ਪੋਸਟ ਤਕ ਲਿਜਾਣ ਲਈ ਯਤਨ ਕਰਦਾ ਹੈ, ਉਸੇ ਤਰ੍ਹਾਂ ਆਮ ਜੀਵਨ ਵਿੱਚ ਇਨਸਾਨ ਛੋਟੇ ਛੋਟੇ ਮੌਕਿਆਂ ਨੂੰ ਪਾਸ ਦੀ ਤਰ੍ਹਾਂ ਵਰਤ ਕੇ ਆਪਣੀ ਮੰਜ਼ਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਤਰ੍ਹਾਂ ਖਿਡਾਰੀ ਕਈ ਵਾਰ ਜ਼ੋਰ ਨਾਲ ਕਿੱਕ ਜਾਂ ਹਿੱਟ ਮਾਰ ਕੇ ਬਾਲ ਨੂੰ ਵਿਰੋਧੀ ਦੇ ਗੋਲਾਂ ਵਿੱਚ ਭੇਜਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕਈ ਵਾਰ ਵਿਰੋਧੀ ਖਿਡਾਰੀ ਵੀ ਕਿੱਕ ਜਾਂ ਹਿੱਟ ਮਾਰ ਕੇ ਮੰਜ਼ਿਲ ਦੇ ਕਰੀਬ ਪਹੁੰਚੀ ਬਾਲ ਨੂੰ ਬਹੁਤ ਦੂਰ ਭੇਜ ਦਿੰਦਾ ਹੈ, ਉਸੇ ਤਰ੍ਹਾਂ ਕੁਦਰਤ ਵੀ ਇਨਸਾਨ ਨਾਲ ਬਾਲ ਵਾਂਗ ਹੀ ਖੇਡਦੀ ਹੈ। ਕੁਦਰਤ ਖਿਡਾਰੀ ਦੀ ਕਿੱਕ ਵਾਂਗ ਕਈ ਵਾਰ ਇਨਸਾਨ ਨੂੰ ਮੰਜ਼ਿਲ ਦੇ ਇਕਦਮ ਕਰੀਬ ਕਰ ਦਿੰਦੀ ਹੈ ਅਤੇ ਕਈ ਵਾਰ ਵਿਰੋਧੀ ਖਿਡਾਰੀ ਦੀ ਕਿੱਕ ਵਾਂਗ ਮੰਜ਼ਿਲ ‘ਤੇ ਪਹੁੰਚੇ ਇਨਸਾਨ ਨੂੰ ਇੱਕ ਹੀ ਝਟਕੇ ਵਿੱਚ ਬਹੁਤ ਦੂਰ ਕਰ ਦਿੰਦੀ ਹੈ।
ਕਈ ਵਾਰ ਜ਼ਿੰਦਗੀ ਜਿਉਂਦਾ ਜਿਉਂਦਾ ਬੰਦਾ ਕੋਈ ਗ਼ਲਤੀ ਕਰ ਬੈਠਦਾ ਹੈ ਤਾਂ ਉਹ ਸਮਾਜਿਕ ਚਾਲ ਵਿੱਚੋਂ ਬਾਹਰ ਹੋ ਜਾਂਦਾ ਹੈ। ਫਿਰ ਉਸ ਨੂੰ ਖ਼ਾਸ ਨਿਯਮਾਂ ਤੇ ਤਰੀਕੇ ਨਾਲ ਸਮਾਜ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਇਸੇ ਤਰ੍ਹਾਂ ਹੀ ਬਾਲ ਨਾਲ ਹੁੰਦਾ ਹੈ। ਜਦੋਂ ਬਾਲ ਖੇਡ ਮੈਦਾਨ ਵਿੱਚੋਂ ਬਾਹਰ ਚਲੀ ਜਾਂਦੀ ਹੈ ਤਾਂ ਖ਼ਾਸ ਤਕਨੀਕ ਨਾਲ ਉਸ ਨੂੰ ਖੇਡ ਮੈਦਾਨ ਅੰਦਰ ਸੁੱਟਿਆ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਟੀਮ ਗੋਲ ਕਰਦੀ ਹੈ ਤਾਂ ਉਸ ਦਾ ਪਾਸਾ ਭਾਰੂ ਹੋ ਜਾਂਦਾ ਹੈ ਅਤੇ ਦੂਜੀ ਟੀਮ ਘਾਟੇ ਵਿੱਚ ਚਲੀ ਜਾਂਦੀ ਹੈ। ਆਮ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ। ਇੱਕ ਦੀ ਜਿੱਤ ਦੂਜੇ ਦੀ ਹਾਰ ਹੁੰਦੀ ਹੈ। ਕਿਸੇ ਇੱਕ ਦੁਆਰਾ ਕਮਾਇਆ ਗਿਆ ਪੈਸਾ ਦੂਜਿਆਂ ਦੀ ਜੇਬ ਵਿੱਚੋਂ ਹੀ ਨਿਕਲਿਆ ਹੁੰਦਾ ਹੈ।
ਖੇਡ ਮੁਕਾਬਲਿਆਂ ਦੌਰਾਨ ਹੱਲਾਸ਼ੇਰੀ ਦੇਣ ਵਾਲੇ ਦਰਸ਼ਕ ਜਿੱਤ ਹਾਰ ਤੋਂ ਬਾਅਦ ਖ਼ੁਸ਼ੀ ਜਾਂ ਹਮਦਰਦੀ ਪ੍ਰਗਟਾਉਂਦੇ ਹਨ, ਉਵੇਂ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਜਿੱਤ ਹਾਰ ਤੋਂ ਬਾਅਦ ਵੀ ਆਲੇ ਦੁਆਲੇ ਵਾਲੇ ਲੋਕ ਜਾਂ ਤਾਂ ਖ਼ੁਸ਼ੀ ਪ੍ਰਗਟਾਉਂਦੇ ਹਨ ਜਾਂ ਫਿਰ ਹਮਦਰਦੀ। ਜਿਸ ਤਰ੍ਹਾਂ ਜੇਤੂ ਟੀਮ ਨੂੰ ਮਾਣ-ਸਨਮਾਨ ਮਿਲਦਾ ਹੈ, ਉਸੇ ਤਰ੍ਹਾਂ ਜ਼ਿੰਦਗੀ ਵਿੱਚ ਕਾਮਯਾਬ ਵਿਅਕਤੀਆਂ ਨੂੰ ਵੀ ਸਮਾਜ ਇੱਜ਼ਤ ਤੇ ਮਾਣ ਨਾਲ ਦੇਖਦਾ ਹੈ। ਇੱਥੇ ਇਹ ਨਿਯਮ ਵੀ ਲਾਗੂ ਹੁੰਦਾ ਹੈ ਕਿ ਜਿਹੜੀ ਟੀਮ ਸਾਫ਼ ਸੁਥਰੀ ਅਤੇ ਨਿਯਮਾਂ ਨਾਲ ਖੇਡ ਕੇ ਜਿੱਤਦੀ ਹੈ, ਮਾਣ-ਸਨਮਾਨ ਉਸੇ ਨੂੰ ਹੀ ਮਿਲਦਾ ਹੈ। ਇਸੇ ਤਰ੍ਹਾਂ ਆਮ ਜ਼ਿੰਦਗੀ ਵਿੱਚ ਵੀ ਜਿਹੜਾ ਇਨਸਾਨ ਸਹੀ ਰਾਹ ‘ਤੇ ਚਲਦਿਆਂ ਕਾਮਯਾਬ ਹੁੰਦਾ ਹੈ, ਉਸੇ ਨੂੰ ਹੀ ਮਾਣ-ਸਨਮਾਨ ਮਿਲਦਾ ਹੈ। ਟੀਮ ਵਾਲੀਆਂ ਖੇਡਾਂ ਸਮਾਜਿਕ ਤਾਣੇ ਬਾਣੇ ਨੂੰ ਵੀ ਸਮਝਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਟੀਮ ਵਾਲੀਆਂ ਖੇਡਾਂ ਵਿੱਚ ਖਿਡਾਰੀਆਂ ਦੀ ਕਾਰਗੁਜ਼ਾਰੀ, ਜਿੱਤ ਹਾਰ ਇੱਕ ਦੂਜੇ ‘ਤੇ ਨਿਰਭਰ ਕਰਦੀ ਹੈ। ਇਨ੍ਹਾਂ ਖੇਡਾਂ ਵਿੱਚ ਬਦਲਵੇਂ ਖਿਡਾਰੀਆਂ ਦੀ ਵਿਵਸਥਾ ਹੁੰਦੀ ਹੈ ਜਦੋਂਕਿ ਇਕੱਲੇ ਵਿਅਕਤੀ ਵਾਲੀਆਂ ਖੇਡਾਂ ਵਿੱਚ ਇਹ ਵਿਵਸਥਾ ਨਹੀਂ ਹੁੰਦੀ। ਉਸ ਨੂੰ ਖੇਡ ਦੇ ਸ਼ੁਰੂ ਤੋਂ ਅੰਤ ਤਕ ਖ਼ੁਦ ਹੀ ਖੇਡਣਾ ਤੇ ਜ਼ੋਰ ਲਾਉਣਾ ਪੈਂਦਾ ਹੈ। ਇਸੇ ਤਰ੍ਹਾਂ ਸਮਾਜ ਵਿੱਚ ਵੀ ਰਲ ਮਿਲ ਕੇ ਰਹਿਣ ਵਾਲਿਆਂ ਲਈ ਸਮਾਜ ਸਹਾਇਤਾ ਕਰਦਾ ਹੈ ਜਦੋਂਕਿ ਇਕੱਲੇ ਰਹਿਣ ਵਾਲਿਆਂ ਨੂੰ ਸਭ ਯਤਨ ਖ਼ੁਦ ਹੀ ਕਰਨੇ ਪੈਂਦੇ ਹਨ।
ਟੀਮ ਵਾਲੀਆਂ ਕਈ ਖੇਡਾਂ ਜਿਵੇਂ ਹਾਕੀ, ਫੁਟਬਾਲ ਆਦਿ ਵਿੱਚ ਇੱਕ ਖਿਡਾਰੀ ਗੋਲਕੀਪਰ ਵਜੋਂ ਖੇਡਦਾ ਹੈ। ਜਦੋਂ ਬਾਲ ਸਾਰੇ ਖਿਡਾਰੀਆਂ ਤੋਂ ਅੱਗੇ ਲੰਘ ਜਾਂਦੀ ਹੈ ਭਾਵ ਜਦੋਂ ਖੇਡ ਸਭ ਦੇ ਵੱਸ ਤੋਂ ਬਾਹਰ ਹੋ ਜਾਂਦੀ ਹੈ ਤਾਂ ਅਖੀਰ ‘ਤੇ ਖੜ੍ਹਾ ਗੋਲਚੀ ਬੜੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਖੇਡ ਮੈਦਾਨ ਵਿੱਚ ਅਖੀਰ ‘ਤੇ ਖੜ੍ਹਾ ਗੋਲਕੀਪਰ ਸਭ ਨੂੰ ਖੇਡ ਖਿਡਾਉਣਾ ਆਪਣਾ ਫ਼ਰਜ਼ ਸਮਝਦਾ ਹੈ। ਸਭ ਨੂੰ ਭਰੋਸਾ ਹੁੰਦਾ ਹੈ ਕਿ ਅਖੀਰ ‘ਤੇ ਗੋਲਕੀਪਰ ਖੜ੍ਹਾ ਹੈ ਤੇ ਉਹ ਕੁੱਝ ਨਹੀਂ ਹੋਣ ਦੇਵੇਗਾ। ਇਸੇ ਤਰ੍ਹਾਂ ਹੀ ਸਮਾਜ ਵਿੱਚ ਕਈ ਵਿਅਕਤੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਅਜਿਹੇ ਵਿਅਕਤੀ ਦੂਜਿਆਂ ਦਾ ਵੱਡਾ ਸਹਾਰਾ ਹੁੰਦੇ ਹਨ। ਉਹ ਦੂਜਿਆਂ ਨੂੰ ਬਣਾਉਣ ਅਤੇ ਮਦਦ ਕਰਨ ਲਈ ਹਰ ਸੰਭਵ ਯਤਨ ਕਰਦੇ ਹਨ। ਜਦੋਂ ਉਨ੍ਹਾਂ ਦੇ ਵੱਸ ਦੀ ਗੱਲ ਵੀ ਨਹੀਂ ਰਹਿੰਦੀ ਤਾਂ ਫਿਰ ਨਿਰਾਸ਼ਤਾ ਹੱਥ ਲੱਗਦੀ ਹੈ। ਇੱਥੇ ਫ਼ਰਕ ਸਿਰਫ਼ ਏਨਾ ਹੈ ਕਿ ਗੋਲਕੀਪਰ ਦਾ ਸਥਾਨ ਨਿਸ਼ਚਿਤ ਹੈ ਕਿ ਉਸ ਨੇ ਟੀਮ ਦੇ ਅਖੀਰ ਵਿੱਚ ਹੀ ਖੜ੍ਹਨਾ ਹੈ ਜਦੋਂਕਿ ਸਮਾਜ ਵਿਚਲੇ ਅਜਿਹੇ ਵਿਅਕਤੀ ਕਿਤੇ ਵੀ ਖੜ੍ਹੇ ਹੋ ਸਕਦੇ ਹਨ ਭਾਵ ਉਹ ਅੱਗੇ ਹੋ ਕੇ ਵੀ ਅਗਵਾਈ ਕਰ ਸਕਦੇ ਹਨ ਤੇ ਪਿੱਛੇ ਰਹਿ ਕੇ ਵੀ ਹੌਸਲਾ ਅਫ਼ਜ਼ਾਈ ਕਰ ਸਕਦੇ ਹਨ।
ਖੇਡਾਂ ਅਤੇ ਖੇਡ ਮੁਕਾਬਲਿਆਂ ਵਿੱਚ ਕੋਚਾਂ, ਰੈਫਰੀਆਂ, ਦਰਸ਼ਕਾਂ ਅਤੇ ਪ੍ਰਬੰਧਕੀ ਕਮੇਟੀਆਂ ਦਾ ਵੀ ਆਪਣਾ ਸਥਾਨ ਹੁੰਦਾ ਹੈ। ਜਿਵੇਂ ਮਾਤਾ ਪਿਤਾ ਅਤੇ ਅਧਿਆਪਕ ਆਪਣੇ ਬੱਚਿਆਂ ਤੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਵਿਚਰਣਾ ਸਿਖਾਉਂਦੇ ਹਨ, ਉਸੇ ਤਰ੍ਹਾਂ ਹੀ ਕੋਚ ਖਿਡਾਰੀ ਨੂੰ ਖੇਡਣਾ ਅਤੇ ਖੇਡ ਮੈਦਾਨ ਵਿੱਚ ਵਿਚਰਨਾ ਸਿਖਾਉਂਦੇ ਹਨ। ਜਿਵੇਂ ਦਰਸ਼ਕ ਸਿਰਫ਼ ਖਿਡਾਰੀਆਂ ਨੂੰ ਖੇਡਦਿਆਂ ਹੀ ਦੇਖ ਸਕਦੇ ਹਨ ਜਾਂ ਵੱਧ ਤੋਂ ਵੱਧ ਰੌਲਾ ਪਾ ਸਕਦੇ ਹਨ, ਉਸੇ ਤਰ੍ਹਾਂ ਸਮਾਜ ਵਿੱਚ ਬਹੁਤੀਆਂ ਧਿਰਾਂ ਕਿਸੇ ਇਨਸਾਨ ਦੀਆਂ ਗਤੀਵਿਧੀਆਂ ਨੂੰ ਮਹਿਜ਼ ਦੇਖਣ ਤਕ ਹੀ ਮਹਿਦੂਦ ਹੁੰਦੀਆਂ ਹਨ। ਵੱਧ ਤੋਂ ਵੱਧ ਉਹ ਉਸ ਬਾਰੇ ਚੰਗੀਆਂ ਮਾੜੀਆਂ ਗੱਲਾਂ ਹੀ ਕਰ ਸਕਦੀਆਂ ਹਨ, ਪਰ ਸਿੱਧੇ ਤੌਰ ‘ਤੇ ਕੁੱਝ ਵੀ ਕਹਿਣ ਦਾ ਅਧਿਕਾਰ ਉਨ੍ਹਾਂ ਨੂੰ ਨਹੀਂ ਹੁੰਦਾ। ਜਿਸ ਤਰ੍ਹਾਂ ਰੈਫ਼ਰੀ ਕੋਲ ਕਈ ਤਰ੍ਹਾਂ ਦੇ ਅਧਿਕਾਰ ਹੁੰਦੇ ਹਨ, ਉਹ ਕਿਸੇ ਖਿਡਾਰੀ ਨੂੰ ਗ਼ਲਤ ਖੇਡਣ ‘ਤੇ ਚਿਤਾਵਨੀ ਦੇ ਸਕਦਾ ਹੈ ਜਾਂ ਬਾਹਰ ਵੀ ਕੱਢ ਸਕਦਾ ਹੈ, ਉਸੇ ਤਰ੍ਹਾਂ ਸਮਾਜ ਵਿੱਚ ਪ੍ਰਸ਼ਾਸਨਿਕ ਇਕਾਈਆਂ ਦਾ ਪ੍ਰਬੰਧ ਹੁੰਦਾ ਹੈ ਜੋ ਸਮਾਜ ਦੇ ਸਹੀ ਪ੍ਰਬੰਧਨ ਲਈ ਜ਼ਿੰਮੇਵਾਰ ਹਨ। ਆਮ ਸਮਾਜ ਵਿੱਚ ਜਿਸ ਤਰ੍ਹਾਂ ਦੀ ਭੂਮਿਕਾ ਅਦਾਲਤਾਂ ਜਾਂ ਜੱਜਾਂ ਦੀ ਹੁੰਦੀ ਹੈ, ਖੇਡ ਦੌਰਾਨ ਪ੍ਰਬੰਧਕੀ ਕਮੇਟੀਆਂ ਦੀ ਭੂਮਿਕਾ ਵੀ ਅਜਿਹੀ ਹੀ ਹੁੰਦੀ ਹੈ। ਪ੍ਰਬੰਧਕੀ ਕਮੇਟੀਆਂ ਕਿਸੇ ਖਿਡਾਰੀ ਜਾਂ ਟੀਮ ਦੇ ਚੰਗੇ ਮਾੜੇ ਹੋਣ ਦਾ ਨਿਰਣਾ ਲੈਂਦੀਆਂ ਹਨ।
ਹਮਲੇ ਅਤੇ ਬਚਾਉ ਕਰਨ ਦੀ ਜੁਗਤ ਵਿੱਚ ਵੀ ਖੇਡਾਂ ਜ਼ਿੰਦਗੀ ਦਾ ਇੱਕ ਹਿੱਸਾ ਹੀ ਹਨ। ਮੰਨਿਆ ਜਾਂਦਾ ਹੈ ਕਿ ਪਹਿਲਾਂ ਕੀਤਾ ਹਮਲਾ ਬਚਾਉ ਦਾ ਉੱਤਮ ਨਮੂਨਾ ਹੁੰਦਾ ਹੈ। ਬਾਕਸਿੰਗ ਵਰਗੀ ਖੇਡ ਵਿੱਚ ਇੱਕ ਮੁੱਕੇਬਾਜ਼ ਜਿਵੇਂ ਕਿਸੇ ਮੁਕਾਬਲੇ ਲਈ ਆਪਣੇ ਮੁੱਕਿਆਂ ਵਿੱਚ ਤੇਜ਼ੀ ਭਰਦਾ ਤੇ ਨਵੇਂ ਪੈਂਤੜੇ ਈਜਾਦ ਕਰਦਾ ਹੈ, ਉਸੇ ਤਰ੍ਹਾਂ ਖੇਡਾਂ ਵਿਚਲਾ ਇਹ ਫਾਰਮੂਲਾ ਆਮ ਜ਼ਿੰਦਗੀ ਵਿੱਚ ਵੀ ਲਾਗੂ ਹੁੰਦਾ ਹੈ। ਇੱਕ ਖਿਡਾਰੀ ਵਾਂਗ ਆਮ ਇਨਸਾਨ ਵੀ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਮਿਹਨਤ ਕਰਦਾ ਤੇ ਕਈ ਤਰੀਕੇ ਅਪਣਾਉਂਦਾ ਹੈ। ਉਸ ਦੇ ਸਹੀ ਤਰੀਕਿਆਂ ਦੀ ਪ੍ਰਸ਼ੰਸਾ ਹੁੰਦੀ ਹੈ ਤੇ ਗ਼ਲਤ ਦੀ ਨਿੰਦਿਆ ਜਾਂ ਫਿਰ ਕਈ ਵਾਰ ਸਜ਼ਾ ਵੀ ਭੁਗਤਣੀ ਪੈਂਦੀ ਹੈ। ਜਿਵੇਂ ਇੱਕ ਮੁੱਕੇਬਾਜ਼ ਪ੍ਰੈਕਟਿਸ ਅਤੇ ਮੁਕਾਬਲੇ ਦੌਰਾਨ ਅਣਗਿਣਤ ਪੰਚ ਆਪਣੇ ਸਰੀਰ ਉੱਤੇ ਖਾਂਦਾ ਹੈ, ਪਰ ਹਾਰ ਨਹੀਂ ਮੰਨਦਾ, ਇਸੇ ਤਰ੍ਹਾਂ ਹੀ ਕੁਦਰਤ ਵੀ ਕਈ ਵਾਰ ਮਨੁੱਖ ਨੂੰ ਥਪੇੜਿਆਂ ਨਾਲ ਝੰਬ ਦਿੰਦੀ ਹੈ, ਪਰ ਮਨੁੱਖ ਫਿਰ ਕੁਦਰਤ ਦੇ ਸਾਹਮਣੇ ਡਟਿਆ ਰਹਿੰਦਾ ਹੈ।
ਕਬੱਡੀ ਤੇ ਕੁਸ਼ਤੀ ਵਰਗੀਆਂ ਖੇਡਾਂ ਵਿੱਚ ਮਨੁੱਖ ਨੂੰ ਇਕੱਲਿਆਂ ਹੀ ਲੜਨਾ ਪੈਂਦਾ ਹੈ। ਕੁਸ਼ਤੀ ਵਿੱਚ ਮਨੁੱਖ ਭੱਜਦਾ ਨਹੀਂ ਬਲਕਿ ਉਸ ਨੂੰ ਸੀਮਿਤ ਦਾਇਰੇ ਵਿੱਚ ਰਹਿ ਕੇ ਹੀ ਵਿਰੋਧੀ ਨੂੰ ਚਿੱਤ ਕਰਨਾ ਪੈਂਦਾ ਹੈ, ਪਰ ਕਬੱਡੀ ਉਸ ਨੂੰ ਬਚਾਉ ਦੇ ਜ਼ਿਆਦਾ ਮੌਕੇ ਦਿੰਦੀ ਹੈ ਅਤੇ ਉਹ ਵਿਰੋਧੀ ਨੂੰ ਛੂਹ ਕੇ ਭੱਜ ਕੇ ਆਪਣੇ ਪਾੜੇ ਵਿੱਚ ਭਾਵ ਸੁਰੱਖਿਅਤ ਥਾਂ ‘ਤੇ ਆ ਸਕਦਾ ਹੈ। ਜ਼ਿੰਦਗੀ ਦੀ ਖੇਡ ਵਿੱਚ ਵੀ ਅਜਿਹਾ ਹੀ ਹੁੰਦਾ ਹੈ। ਕਦੇ ਕਦੇ ਪਹਿਲਵਾਨ ਵਾਂਗ ਇੱਕੋ ਥਾਂ ‘ਤੇ ਖੜ੍ਹ ਕੇ ਹੀ ਸੰਘਰਸ਼ ਕਰਨਾ ਪੈਂਦਾ ਹੈ ਤੇ ਕਈ ਵਾਰ ਕਬੱਡੀ ਵਾਂਗ ਜੁਗਤ ਵੀ ਵਰਤ ਲਈ ਜਾਂਦੀ ਹੈ। ਸ਼ਤਰੰਜ ਵਰਗੀਆਂ ਖੇਡਾਂ ਤਾਂ ਹੁੰਦੀਆਂ ਹੀ ਜ਼ਿੰਦਗੀ ਦਾ ਪ੍ਰਤੀਬਿੰਬ ਹਨ। ਸ਼ਤਰੰਜ ਵਿੱਚ ਮਨੁੱਖ ਨੂੰ ਬਹੁਤ ਅੱਗੇ ਦੀ ਸੋਚ ਰੱਖਣੀ ਪੈਂਦੀ ਹੈ। ਆਪਣੀਆਂ ਚਾਲਾਂ ਸੋਚਦੇ ਹੋਏ ਵਿਰੋਧੀ ਖਿਡਾਰੀਆਂ ਦੀਆਂ ਚੱਲੀਆਂ ਤੇ ਚੱਲੇ ਜਾਣ ਵਾਲੀਆਂ ਚਾਲਾਂ ਨੂੰ ਸਮਝਣਾ ਪੈਂਦਾ ਹੈ। ਇਸ ਤਰ੍ਹਾਂ ਆਮ ਇਨਸਾਨ ਵੀ ਜ਼ਿੰਦਗੀ ਜਿਉਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਸੋਚਦਾ ਹੈ ਅਤੇ ਭਵਿੱਖ ਦੀਆਂ ਸਕੀਮਾਂ ਘੜਦਾ ਰਹਿੰਦਾ ਹੈ। ਖੇਡ ਮੁਕਾਬਲਿਆਂ ਵਿੱਚ ਵਿਰੋਧੀ ਖਿਡਾਰੀ ਜਾਂ ਟੀਮ ਨੂੰ ਹਰਾਉਣ ਲਈ ਖਿਡਾਰੀਆਂ ਨੂੰ ਨਵੀਆਂ ਨੀਤੀਆਂ ਘੜਨੀਆਂ ਪੈਂਦੀਆਂ ਹਨ, ਇਸੇ ਤਰ੍ਹਾਂ ਵਿਰੋਧੀ ਹਾਲਾਤਾਂ ਨੂੰ ਟਾਕਰਾ ਦੇਣ ਲਈ ਮਨੁੱਖ ਵੀ ਨਵੀਆਂ ਘਾੜਤਾਂ ਘੜਦਾ ਹੈ।
ਇਸ ਤਰ੍ਹਾਂ ਖੇਡਾਂ ਦਾ ਵਿਅਕਤੀ ਅਤੇ ਸਮਾਜਿਕ ਤਾਣੇ ਬਾਣੇ ਨਾਲ ਬਹੁਤ ਗੂੜ੍ਹਾ ਸਬੰਧ ਹੈ। ਖੇਡਾਂ ਖਿਡਾਰੀਆਂ ਨੂੰ ਜ਼ਿੰਦਗੀ ਦੇ ਸੰਘਰਸ਼ ਲਈ ਤਿਆਰ ਕਰਦੀਆਂ ਤੇ ਉਸ ਦੇ ਸਮਾਜ ਵਿਚਲੇ ਵਿਵਹਾਰ ਦੀ ਤਰਜਮਾਨੀ ਕਰਦੀਆਂ ਹਨ। ਕਈ ਵਾਰ ਮਨੁੱਖ ਵੱਡੀਆਂ ਪ੍ਰਾਪਤੀਆਂ ਦੇ ਮੁਢਲੇ ਸਬਕ ਖੇਡ ਮੈਦਾਨਾਂ ਵਿੱਚੋਂ ਹੀ ਸਿੱਖਦਾ ਹੈ। ਇੱਕ ਵਾਰ ਨੈਪੋਲੀਅਨ ਨੇ ਕਿਹਾ ਸੀ ਕਿ ਉਸ ਨੇ ਵਾਟਰਲੂ ਦੀ ਲੜਾਈ ਖੇਡ ਮੈਦਾਨਾਂ ਸਦਕਾ ਹੀ ਜਿੱਤੀ ਹੈ। ਖੇਡਾਂ ਮਨੁੱਖ ਨੂੰ ਛੇਤੀ ਕਿਤੇ ਡੋਲਣ ਨਹੀਂ ਦਿੰਦੀਆਂ। ਖੇਡ ਮੈਦਾਨਾਂ ਦੇ ਸਿੰਜੇ ਹੋਏ ਸਿਹਤਮੰਦ ਇਨਸਾਨ ਹੀ ਨਰੋਈਆਂ ਕੌਮਾਂ ਦੀ ਸਿਰਜਣਾ ਕਰਦੇ ਹਨ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਖੇਡਾਂ ਦਾ ਸਮਾਜ ਨਾਲ ਬਹੁਤ ਗਹਿਰਾ ਸਬੰਧ ਹੈ। ਖੇਡ ਗਤੀਵਿਧੀਆਂ ਅਤੇ ਸਮਾਜਿਕ ਵਰਤ ਵਰਤਾਓ ਦੋਵੇਂ ਹੀ ਇੱਕ ਦੂਜੇ ਤੋਂ ਬਹੁਤ ਕੁੱਝ ਗ੍ਰਹਿਣ ਕਰਦੇ ਹਨ ਅਤੇ ਆਦਾਨ ਪ੍ਰਦਾਨ ਦੀ ਪ੍ਰਕਿਰਿਆ ਵਿੱਚ ਪਏ ਰਹਿੰਦੇ ਹਨ।
from Punjab News – Latest news in Punjabi http://ift.tt/1Whjvzk
0 comments