ਪੱਤਰਕਾਰ ਫਤਿਹ ਪ੍ਰਭਾਕਰ ਵੱਲੋਂ ਇਸ ਲਿਖਤ ਵਿੱਚ ਬਿਆਨੀ ਗਈ ਘਟਨਾ ਪੁਰਾਣੀ ਹੈ ਪਰ ਅੱਜ ਵੀ ਪੰਜਾਬ ਵਿੱਚ ਵਿਚਰ ਰਹੀਆਂ ਪੰਜਾਬ ਵਿਰੋਧੀ ਫਿਰਕੂ ਜਥੇਬੰਦੀਆਂ ਵੱਲੋਂ ਖਾੜਕੂਆਂ ਦੀਆਂ ਧਮਕੀਆਂ ਮਿਲਣ ਦੇ ਕੀਤੇ ਜਾਂਦੇ ਦਾਅਵਿਆਂ ਦੀ ਸਚਾਈ ਵੀ ਕੁੱਝ ਅਜਿਹੀ ਹੀ ਹੁੰਦੀ ਹੈ
ਪੰਜਾਬ ਵਿੱਚ ਖਾੜਕੂ ਲਹਿਰ ਦੇ ਦੌਰ ਸਮੇਂ ਕੁੱਝ ਵਪਾਰਕ ਵਿਰੋਧੀਆਂ ਨੇ ਆਪਣੇ ਬਰਾਬਰ ਵਾਲਿਆਂ ਨੂੰ ਨੁੱਕਰੇ ਲਾਉਣ ਲਈ ਖਾੜਕੂ ਆਗੂਆਂ ਦੇ ਨਾਂ ‘ਤੇ ਧਮਕੀ ਪੱਤਰ ਲਿਖ ਕੇ ਕੰਮ ਬੰਦ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਨਾਲ ਕਈ ਦੁਕਾਨਦਾਰ ਪੰਜਾਬ ਵਿੱਚੋਂ ਦੂਜੇ ਸੂਬਿਆਂ ਵੱਲ ਨੂੰ ਚਲੇ ਗਏ ਤੇ ਕਈਆਂ ਨੇ ਕੰਮ ਬੰਦ ਕਰ ਦਿੱਤੇ ਸਨ। ਇਸੇ ਦੌਰ ਵਿੱਚ ਮੇਰੇ ਨੇੜਲੇ ਸ਼ਹਿਰ ਵਿੱਚ ਤੰਬਾਕੂ ਉਤਪਾਦ ਵਿਕਰੇਤਾਵਾਂ ਨੂੰ ਵੀ ਇੱਕ ਖਾੜਕੂ ਆਗੂ ਦੇ ਨਾਂ ‘ਤੇ ਕੰਮ ਤੁਰੰਤ ਬੰਦ ਕਰਨ, ਨਹੀਂ ਬੱਚਿਆਂ ਸਮੇਤ ਸੋਧ ਦੇਣ ਦੀ ਧਮਕੀ ਵਾਲੇ ਪੱਤਰ ਆਉਣ ਲੱਗੇ। ਤੰਬਾਕੂ ਉਤਪਾਦ ਵੇਚਣੇ ਜਾਂ ਸੇਵਨ ਕਰਨੇ ਆਪਣੇ ਆਪ ਵਿੱਚ ਬਹੁਤਾ ਚੰਗਾ ਧੰਦਾ ਨਹੀਂ ਪਰ ਜਿਨ੍ਹਾਂ ਦੀ ਰੋਜ਼ੀ-ਰੋਟੀ ਇਸ ਨਾਲ ਜੁੜੀ ਹੈ, ਉਨ੍ਹਾਂ ਨੂੰ ਕੰਮ ਬੰਦ ਹੋਣ ‘ਤੇ ਮੁਸੀਬਤ ਪੈਣੀ ਸੁਭਾਵਿਕ ਹੀ ਹੈ। ਇੱਕ ਤੰਬਾਕੂ ਵਿਕਰੇਤਾ ਬਜ਼ੁਰਗ ਤਾਂ ਧਮਕੀ ਪੱਤਰ ਮਿਲਦੇ ਹੀ ਉਸੇ ਰਾਤ ਦੁਨੀਆਂ ਨੂੰ ਹੀ ਅਲਵਿਦਾ ਕਹਿ ਗਿਆ। ਘਰ ਵਿੱਚ ਡਰ ਦਾ ਮਾਹੌਲ ਬਣ ਗਿਆ ਬੱਚੇ ਸਕੂਲਾਂ ਤੋਂ ਹਟਾ ਲਏ ਤੇ ਘਰ ਵਾਲੇ ਬਾਹਰਲੇ ਦਰਵਾਜ਼ੇ ਨੂੰ ਜਿੰਦਾ ਲਗਾ ਕੇ ਅੰਦਰ ਹੀ ਬੈਠਣ ਲੱਗ ਗਏ। ਸ਼ਹਿਰ ਦੇ ਇੱਕ-ਇੱਕ ਕਰਕੇ ਦੂਜੇ ਦੁਕਾਨਦਾਰਾਂ ਨੂੰ ਵੀ ਪੱਤਰ ਆਉਣੇ ਸ਼ੁਰੂ ਹੋ ਗਏ। ਤੰਬਾਕੂ ਵਿਕਰੇਤਾਵਾਂ ਦੀਆਂ ਦੁਕਾਨਾਂ ਬੰਦ ਹੋਣ ਲੱਗ ਗਈਆਂ। ਇੱਕ ਧਮਕੀ ਪੱਤਰ ਸਾਡੇ ਇੱਕ ਵਾਕਫ਼ ਦੁਕਾਨਦਾਰ ਨੂੰ ਵੀ ਆ ਗਿਆ। ਉਸ ਨੇ ਬੜੇ ਸਹਿਮੇ ਹੋਏ ਨੇ ਮਾਮਲਾ ਸਾਡੇ ਧਿਆਨ ਵਿੱਚ ਲਿਆਂਦਾ ਅਤੇ ਡਾਕ ਰਾਹੀਂ ਆਇਆ ਧਮਕੀ ਪੱਤਰ ਵੀ ਦਿਖਾਇਆ। ਉਸ ਧਮਕੀ ਪੱਤਰ ਦੀ ਗੱਲ ਅਸੀਂ ਇੱਕ ਹੋਰ ਸਾਂਝੇ ਦੋਸਤ ਨਾਲ ਕੀਤੀ ਅਤੇ ਇਸ ਵਾਰੇ ਵਿਚਾਰ ਕਰਨ ਲੱਗੇ। ਪੱਤਰ ਨੂੰ ਧਿਆਨ ਨਾਲ ਦੇਖਣ ਤੋਂ ਸਾਨੂੰ ਜਾਪਿਆ ਕਿ ਇਹ ਕਿਸੇ ਖਾੜਕੂ ਜਥੇਬੰਦੀ ਦਾ ਨਹੀਂ ਸੀ ਕਿਉਂਕਿ ਇਹ ਸਾਧਾਰਨ ਰਜਿਸਟਰ ਦੇ ਪੰਨੇ ‘ਤੇ ਲਿਖਿਆ ਹੋਇਆ ਹੈ ਜਦੋਂਕਿ ਖਾੜਕੂਆਂ ਕੋਲ ਤਾਂ ਲੈਟਰ ਹੈੱਡ ਸਨ। ਇਸੇ ਦੌਰਾਨ ਧਮਕੀ ਪੱਤਰ ਮਿਲਣ ਵਾਲੇ ਦੁਕਾਨਦਾਰ ਨੇ ਕਿਹਾ ਕਿ ਅਸੀਂ ਤਾਂ ਕੰਮ ਬੰਦ ਕਰ ਦਿੱਤੇ ਹਨ ਪਰ ਇੱਕ ਦੁਕਾਨਦਾਰ ਨੇ ਤੰਬਾਕੂ, ਬੀੜੀ ਤੇ ਸਿਗਰਟ ਦਾ ਕਾਰੋਬਾਰ ਵਧਾ ਲਿਆ ਹੈ। ਉਸ ਨੇ ਕੁੱਝ ਦਿਨ ਪਹਿਲਾਂ ਮੈਨੂੰ ਇਹ ਵੀ ਕਿਹਾ ਸੀ ਤੈਨੂੰ ਧਮਕੀ ਪੱਤਰ ਨਹੀਂ ਆਇਆ, ਜੇ ਨਹੀਂ ਆਇਆ ਤਾਂ ਦੋ ਚਾਰ ਦਿਨਾਂ ਵਿੱਚ ਆ ਜਾਵੇਗਾ। ਇਹ ਦੱਸ ਕੇ ਉਹ ਦੁਕਾਨਦਾਰ ਤਾਂ ਚਲਾ ਗਿਆ ਪਰ ਅਸੀਂ ਇਹ ਮਾਮਲਾ ਡੂੰਘਾਈ ਨਾਲ ਵਿਚਾਰਨ ਲੱਗ ਪਏ। ਸਾਨੂੰ ਇਹ ਸਪਸ਼ਟ ਹੋ ਗਿਆ ਸੀ ਕਿ ਇਹ ਖਾੜਕੂਆਂ ਦਾ ਪੱਤਰ ਨਹੀਂ ਕਿਉਂਕਿ ਇਹ ਲੈੱਟਰ ਹੈੱਡ ਉੱਤੇ ਨਹੀਂ ਸੀ। ਦੂਜਾ ਇਹ ਪੱਤਰ ਇਸੇ ਸ਼ਹਿਰ ਦੇ ਡਾਕਖਾਨੇ ਵਿੱਚ ਪੋਸਟ ਕੀਤਾ ਹੋਇਆ ਸੀ ਪਰ ਕੋਈ ਵੱਡਾ ਖਾੜਕੂ ਇਸੇ ਸ਼ਹਿਰ ਵਿੱਚ ਨਹੀਂ ਸੀ।
ਅਸੀਂ ਉਸ ਦੁਕਾਨਦਾਰ ਕੋਲ ਚਲੇ ਗਏ ਜਿਸ ਨੇ ਤੰਬਾਕੂ ਦਾ ਕਾਰੋਬਾਰ ਵਧਾਇਆ ਸੀ। ਉਸ ਨੂੰ ਰਾਮ-ਰਾਮ ਕਰਨ ਉਪਰੰਤ ਸਵਾਲ ਕੀਤਾ ਕਿ ਸਾਰੇ ਦੁਕਾਨਦਾਰਾਂ ਨੇ ਤੰਬਾਕੂ, ਬੀੜੀ, ਸਿਗਰਟ ਆਦਿ ਵੇਚਣੇ ਬੰਦ ਕਰ ਦਿੱਤੇ ਹਨ, ਹੈ ਪਰ ਤੁਸੀਂ ਕਿਉਂ ਨਹੀਂ ਬੰਦ ਕੀਤੇ? ਕੀ ਤੁਹਾਨੂੰ ਡਰ ਨਹੀਂ ਲੱਗਦਾ? ਉਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਅਗਲਾ ਸਵਾਲ ਅਸੀਂ ਕੀਤਾ ਕਿ ਤੁਸੀਂ ਕਿੰਨੇ ਪੜ੍ਹੇ ਹੋ ਤਾਂ ਉਸ ਨੇ ਦੱਸਿਆ ਕਿ ਦਸਵੀਂ ਪਾਸ ਹਾਂ। ਫਿਰ ਅਸੀਂ ਉਸ ਨੂੰ ਰਜਿਸਟਰ ਤੇ ਕਾਪੀਆਂ ਦੇਣ ਲਈ ਕਿਹਾ। ਜਦੋਂ ਉਸ ਨੇ ਰਜਿਸਟਰ ਦਿੱਤਾ ਤਾਂ ਧਮਕੀ ਪੱਤਰ ਦਾ ਕਾਗ਼ਜ਼ ਤੇ ਲਾਈਨਿੰਗ ਉਸ ਨਾਲ ਮੇਲ ਖਾਂਦੀ ਸਪਸ਼ਟ ਹੋ ਗਈ। ਫਿਰ ਅਸੀਂ ਉਸ ਦੀ ਲਿਖਤ ‘ਤੇ ਨਿਗਾਹ ਮਾਰੀ ਉਸ ਦੀ ਲਿਖਾਈ ਵੀ ਧਮਕੀ ਪੱਤਰ ਨਾਲ ਮੇਲ ਖਾ ਗਈ। ਸਾਰੀਆਂ ਗੱਲਾਂ ਦੇ ਮੇਲ ਖਾ ਜਾਣ ‘ਤੇ ਇੱਕ ਦੋਸਤ ਨੇ ਸਿੱਧਾ ਹੀ ਕਹਿ ਦਿੱਤਾ ਕਿ ਇਹ ਧਮਕੀ ਪੱਤਰ ਲਿਖਣ ਦਾ ਕੰਮ ਤੂੰ ਹੀ ਕੀਤਾ ਹੈ। ਉਸ ਨੇ ਕੰਬਦੀ ਆਵਾਜ਼ ਵਿੱਚ ਕਿਹਾ ਕਿ ਜੀ ਮੈਂ ਤਾਂ ਪੰਜਾਬੀ ਹੀ ਨਹੀਂ ਜਾਣਦਾ। ਜਦੋਂ ਉਸ ਨੂੰ ਪੁੱਛਿਆ ਕਿ ਤੁਸੀਂ ਦਸਵੀਂ ਕਿੱਥੋਂ ਪਾਸ ਕੀਤੀ ਹੈ ਤਾਂ ਉਸ ਨੇ ਕਿਹਾ ਕਿ ਪੰਜਾਬ ਤੋਂ ਹੀ ਕੀਤੀ ਹੈ। ਇਹ ਸੁਣ ਕੇ ਸਾਡਾ ਸਬਰ ਜਵਾਬ ਦੇ ਗਿਆ ਅਤੇ ਅਸੀਂ ਗੁੱਸੇ ਵਿੱਚ ਉਸ ਨੂੰ ਦੁਕਾਨ ਤੋਂ ਬਾਹਰ ਖਿੱਚ ਲਿਆ। ਇੰਨੇ ਵਿੱਚ ਹੀ ਉਹ ਨਕਲੀ ਖਾੜਕੂ, ਜਿਸ ਨੇ ਕਈ ਪਰਿਵਾਰਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਸੀ, ਕੰਬ ਉੱਠਿਆ ਅਤੇ ਕਹਿਣ ਲੱਗਿਆ ਕਿ ਮੈਥੋਂ ਗ਼ਲਤੀ ਹੋ ਗਈ ਮੁਆਫ਼ ਕਰ ਦਿਓ। ਅਸੀਂ ਹੈਰਾਨ ਸੀ ਕਿ ਬੜੇ ਸੁਖਾਲੇ ਢੰਗ ਨਾਲ ਸ਼ਹਿਰ ਵਿੱਚ ਧਮਕੀ ਪੱਤਰ ਲਿਖ ਕੇ ਦਹਿਸ਼ਤ ਫੈਲਾਉਣ ਵਾਲਾ ਨਕਲੀ ਖਾੜਕੂ ਕਾਬੂ ਆ ਗਿਆ ਸੀ।
ਉਸਨੂੰ ਕਾਬੂ ਕਰਕੇ ਅਸੀਂ ਦੁਕਾਨਦਾਰਾਂ ਵਿੱਚ ਦਹਿਸ਼ਤ ਨੂੰ ਖ਼ਤਮ ਕਰਨ ਵਿੱਚ ਸਫ਼ਲ ਹੋ ਗਏ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਉਂ ਹੀ ਗੱਲ ਸ਼ਹਿਰ ਵਿੱਚ ਫੈਲੀ ਤਾਂ ਜ਼ਿਲ੍ਹਾ ਪੁਲਿਸ ਕਪਤਾਨ ਨੇ ਸਾਨੂੰ ਬੁਲਾ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਇਸ ਕੇਸ ਵਿੱਚ ਦੋ ਲੱਖ ਰੁਪਏ ਲੈ ਲਏ ਹਨ। ਅਸੀਂ ਹੈਰਾਨ ਸੀ ਇਹ ਕੀ ਹੋ ਰਿਹਾ ਹੈ ਜਦੋਂ ਅਸੀਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੋਈ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਆਪਣੀ ਯੂਨੀਅਨ ਲਈ ਫ਼ੰਡ ਲੈ ਲਿਆ ਹੋਵੇਗਾ। ਇਸ ‘ਤੇ ਅਸੀਂ ਉਸ ਪੁਲਿਸ ਕਪਤਾਨ ਦੇ ਗਲ ਪੈ ਗਏ ਕਿ ਅਸੀਂ ਤਾਂ ਧਮਕੀ ਪੱਤਰ ਲਿਖਣ ਵਾਲੇ ਤੇ ਸ਼ਹਿਰ ਵਿੱਚ ਦਹਿਸ਼ਤ ਫੈਲਾਉਣ ਵਾਲੇ ਨਕਲੀ ਖਾੜਕੂ ਨੂੰ ਕਾਬੂ ਕਰ ਕੇ ਪੁਲਿਸ ਦੀ ਮਦਦ ਕੀਤੀ ਹੈ। ਸ਼ਹਿਰ ਨਿਵਾਸੀਆਂ ਦੇ ਇੱਕ ਵੱਡੇ ਵਰਗ ਦੇ ਵੀ ਸਾਡੇ ਹੱਕ ਵਿੱਚ ਜਾ ਖੜ੍ਹਨ ‘ਤੇ ਉਸ ਨੇ ਸਾਡੀ ਜਾਨ ਛੱਡੀ।
from Punjab News – Latest news in Punjabi http://ift.tt/1TfS9vg
0 comments