ਕੋਟਕਪੂਰਾ : ਸੜਕ ਕਿਨਾਰੇ ਝੁੱਗੀ ਬਣਾ ਕੇ ਆਪਣਾ ਜੀਵਨ ਬਿਤਾ ਰਹੇ ਇਕ ਪਰਵਾਸੀ ਮਜ਼ਦੂਰ ਪਰਿਵਾਰ ਉਪਰ ਸ਼ੁੱਕਰਵਾਰ ਦੀ ਰਾਤ ਕਹਿਰ ਬਣ ਕੇ ਟੁੱਟੀ। ਇਸ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਤੇਜ਼ ਰਫ਼ਤਾਰ ਨਾਲ ਆ ਰਹੇ ਵਾਹਨ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਸ ਨਾਲ ਪਰਿਵਾਰ ਦੇ ਤਿੰਨ ਮੈਂਬਰ ਰੇਖਾ (55), ਬਰੂਨੀ (30), ਬੰਦਨੀ (8 ਮਹੀਨੇ) ਦੀ ਮੌਕੇ ਉੱਤੇ ਮੌਤ ਹੋ ਗਈ, ਜਦੋਂਕਿ ਪਰਿਵਾਰ ਦੇ ਚਾਰ ਹੋਰ ਜੀਅ ਲਛਮੀ (14), ਰਾਧਾ (15), ਰਾਖੀ (5), ਬਜਰੰਗੀ (5) ਗੰਭੀਰ ਜ਼ਖ਼ਮੀ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿੱਚ ਇਲਾਜ ਅਧੀਨ ਹਨ। ਕੋਟਕਪੂਰਾ ਸ਼ਹਿਰੀ ਪੁਲੀਸ ਨੇ ਵਾਹਨ ਚਾਲਕ ਹਰਜੀਤ ਸਿੰਘ ਵਾਸੀ ਫਿਰੋਜ਼ਪੁਰ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ।
ਮ੍ਰਿਤਕਾ ਰੇਖਾ ਦੇ ਪੁੱਤਰ ਮਨੋਜ ਕੁਮਾਰ ਅਨੁਸਾਰ ਕਰੀਬ ਡੇਢ ਦਹਾਕਾ ਪਹਿਲਾਂ ਉਸ ਦਾ ਪਰਿਵਾਰ ਬਿਹਾਰ ਦੇ ਜ਼ਿਲ੍ਹਾ ਭਾਗਲਪੁਰ ਤੋਂ ਪੰਜਾਬ ਰੋਜ਼ੀ-ਰੋਟੀ ਕਮਾਉਣ ਆਇਆ ਸੀ। ਪਰਿਵਾਰ ਵਿਚ ਸਾਰੇ ਜਣੇ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦੇ ਸਨ। ਹਾਦਸੇ ਤੋਂ ਇਕ ਦਿਨ ਪਹਿਲਾਂ ਮਾਰਕੀਟ ਕਮੇਟੀ ਅਧਿਕਾਰੀਆਂ ਨੇ ਉਨ੍ਹਾਂ ਦੀ ਝੁੱਗੀ ਮੰਡੀ ਵਿਚੋਂ ਚੁੱਕਵਾ ਦਿੱਤੀ ਸੀ ਜਿਸ ਕਰਕੇ ਉਨ੍ਹਾਂ ਆਪਣੇ ਰਹਿਣ ਲਈ ਮੰਡੀ ਦੇ ਗੇਟ ਕੋਲ ਝੁੱਗੀ ਬਣਾ ਲਈ। ਲੰਘੀ ਰਾਤ ਪੂਰੇ ਪਰਿਵਾਰ ਨੇ ਦਿੱਲੀ ਆਉਣਾ ਸੀ ਪਰ ਬਾਅਦ ਵਿੱਚ ਆਉਣ ਦੀ ਸਲਾਹ ਰੱਦ ਹੋ ਗਈ। ਕੋਟਕਪੂਰਾ-ਬਠਿੰਡਾ ਰੋਡ ਉੱਤੇ ਪੂਰਾ ਪਰਿਵਾਰ ਝੁੱਗੀ ਵਿੱਚ ਗੂਡ਼੍ਹੀ ਨੀਂਦ ਸੁੱਤਾ ਪਿਆ ਸੀ, ਕਰੀਬ ਰਾਤ 12 ਵਜੇ ਚੀਕ ਚਿਹਾਡ਼ਾ ਪੈ ਗਿਆ। ਬਾਹਰ ਵੇਖਿਆ ਕਿ ਮਹਿੰਦਰਾ ਪਿਕਅੱਪ (ਪੀ.ਬੀ.05ਟੀ 9340) ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਉੱਤੋਂ ਦੀ ਲੰਘ ਗਈ ਅਤੇ ਬਾਕੀ ਨੂੰ ਜ਼ਖ਼ਮੀ ਕਰ ਦਿੱਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਦੀਸ਼ ਸਿੰਘ ਅਨੁਸਾਰ ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚਾਲਕ ਆਪਣਾ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਜਾਰੀ ਹੈ।
from Punjab News – Latest news in Punjabi http://ift.tt/1L79UoR
0 comments