ਚੰਡੀਗੜ੍ਹ : ਪਟਿਆਲਾ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਰਹੇ ਦੀਪਇੰਦਰ ਸਿੰਘ ਿਢੱਲੋਂ ਅਤੇ ਪੰਜਾਬ ਸੂਚਨਾ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਹਰਿੰਦਰ ਪਾਲ ਸਿੰਘ ਮਾਨ (ਹੈਰੀ ਮਾਨ) ਨੇ ਸੋਮਵਾਰ ਨੂੰ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰ ਲਈ। ਕਾਂਗਰਸ ਛੱਡ ਕੇ ਅਕਾਲੀ ਦਲ ਅਤੇ ਮੁੜ ਕਾਂਗਰਸ ਵਿਚ ਵਾਪਸੀ ਕਰਨ ਵਾਲੇ ਦੋਵੇਂ ਹੀ ਆਗੂਆਂ ‘ਤੇ ਲੱਗ ਰਹੇ ਮੌਕਾਪ੍ਰਸਤੀ ਦੇ ਦੋਸ਼ਾਂ ਦਾ ਬਚਾਅ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ‘ਲੋਕਤੰਤਰ ਦੀ ਇਹੀ ਖਾਸੀਅਤ ਹੈ, ਜਦੋਂ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਵਿਚ ਮੇਰੀ ਸੁਣਵਾਈ ਨਹੀਂ ਹੋ ਰਹੀ ਹੈ ਤਾਂ ਤੁਸੀਂ ਦੂਜੀ ਪਾਰਟੀ ਵਿਚ ਚਲੇ ਜਾਂਦੇ ਹੋ। ਮੈਂ ਤਾਂ ਆਪਣੀ ਪਾਰਟੀ ਤਕ ਬਣਾ ਲਈ ਸੀ।’ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਤਾਂ ਸਪਸ਼ਟ ਕੀਤਾ ਕਿ ਟਿਕਟ ਦੇਣ ਜਾਂ ਨਹੀਂ ਦੇਣ ਦਾ ਅਧਿਕਾਰ ਪਾਰਟੀ ਹਾਈ ਕਮਾਂਡ ਨੂੰ ਹੁੰਦਾ ਹੈ ਪਰ ਦੋਵੇਂ ਹੀ ਨੇਤਾਵਾਂ ਦਾ ਚੋਣਾਂ ਦੌਰਾਨ ਅਹਿਮ ਰੋਲ ਰਹੇਗਾ। ਦੋਵੇਂ ਹੀ ਨੇਤਾ ਆਪਣੇ-ਆਪਣੇ ਹਲਕੇ ਵਿਚ ਕੰਮ ਕਰਨਗੇ, ਜਿੱਥੇ ਉਨ੍ਹਾਂ ਦੀ ਤਾਕਤ ਹੈ। ਜ਼ਿਕਰਯੋਗ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੀਪਇੰਦਰ ਸਿੰਘ ਿਢੱਲੋਂ ਨੇ ਕਾਂਗਰਸ ਪਾਰਟੀ ਇਸੇ ਲਈ ਛੱਡੀ ਸੀ ਕਿਉਂਕਿ ਉਨ੍ਹਾਂ ਨੂੰ ਡੇਰਾ ਬੱਸੀ ਤੋਂ ਟਿਕਟ ਨਹੀਂ ਮਿਲੀ ਸੀ। ਦੋਵੇਂ ਨੇਤਾਵਾਂ ਦੇ ਕਾਂਗਰਸ ‘ਚ ਸ਼ਾਮਲ ਹੋਣ ਮੌਕੇ ਏਆਈਸੀਸੀ ਸਕੱਤਰ ਇੰਚਾਰਜ ਹਰੀਸ਼ ਚੌਧਰੀ, ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ, ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਵਾਈਸ ਚੇਅਰਮੈਨ ਪ੍ਰਚਾਰ ਕਮੇਟੀ ਸਾਧੂ ਸਿੰਘ ਧਰਮਸੋਤ, ਹਰਦਿਆਲ ਕੰਬੋਜ ਤੇ ਰਾਣਾ ਗੁਰਜੀਤ ਸਿੰਘ ਮੌਜੂਦ ਸਨ।
ਐਨਕੇ ਸ਼ਰਮਾ ਹੁਣ ਉਨ੍ਹਾਂ ਦੇ ਸਮਰਥਕਾਂ ‘ਤੇ ਪਰਚਾ ਦਰਜ ਕਰਵਾ ਕੇ ਵਿਖਾਵੇ : ਿਢੱਲੋ
ਕਾਂਗਰਸ ‘ਚ ਵਾਪਸੀ ਕਰਨ ਦੇ ਪਿੱਛੇ ਦੀਪਇੰਦਰ ਸਿੰਘ ਿਢੱਲੋਂ ਨੇ ਸਭ ਤੋਂ ਵੱਡਾ ਕਾਰਨ ਸੀਪੀਐਸ ਤੇ ਡੇਰਾ ਬੱਸੀ ਦੇ ਵਿਧਾਇਕ ਐਨਕੇ ਸ਼ਰਮਾ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਸ਼ਰਮਾ ਨੇ ਉਨ੍ਹਾਂ ਦੇ ਸਮਰਥਕਾਂ ‘ਤੇ ਪਰਚੇ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। ਇਕ ਸਵਾਲ ਦੇ ਜਵਾਬ ਵਿਚ ਿਢੱਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਹਦਾਇਤ ਹੀ ਇਹੀ ਸੀ ਕਿ ਐਨਕੇ ਸ਼ਰਮਾ ਦੀ ਹੀ ਸੁਣੀ ਜਾਵੇ। ਨਾਲ ਹੀ ਉਨ੍ਹਾਂ ਸ਼ਰਮਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਹੁਣ ਉਹ ਉਨ੍ਹਾਂ ਦੇ ਸਮਰਥਕਾਂ ‘ਤੇ ਪਰਚੇ ਦਰਜ ਕਰਵਾ ਕੇ ਵਿਖਾਉਣ।
ਕਾਂਗਰਸ ‘ਤੇ ਭਰੋਸਾ : ਮਾਨ
ਹੈਰੀ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਕਰੀਬ ਤਿੰਨ ਦਹਾਕਿਆਂ ਦਾ ਸਿਆਸਤ ਦਾ ਤਜਰਬਾ ਹੈ ਅਤੇ ਉਨ੍ਹਾਂ ਮਹੱਤਵਪੂਰਨ ਅਹੁਦਿਆਂ ‘ਤੇ ਕਾਂਗਰਸ ਪਾਰਟੀ ਲਈ ਕੰਮ ਕੀਤਾ ਹੈ। ਉਹ ਇਸ ਲਈ ਕਾਂਗਰਸ ਵਿਚ ਸ਼ਾਮਲ ਹੋਏ ਹਨ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਕਾਲੀ-ਭਾਜਪਾ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ, ਜਦਕਿ ਆਮ ਆਦਮੀ ਪਾਰਟੀ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ।
from Punjab News – Latest news in Punjabi http://ift.tt/1Scun3h
0 comments