ਬਠਿੰਡਾ ਦੇ ਪਿੰਡ ਕਾਂਗੜ ’ਚੋਂ ਮਿਲਿਆ ਗਰਨੇਡ

ਪਿੰਡ ਕਾਂਗੜ ਵਿੱਚ ਪੁਲੀਸ ਪੁਰਾਣੇ ਮਕਾਨ ਦਾ ਜਾਇਜ਼ਾ ਲੈਂਦੀ ਹੋਈ, (ੲਿਨਸੈੱਟ) ਪੁਰਾਣੇ ਗਰਨੇਡ ਦੀ ਤਸਵੀਰ।

ਪਿੰਡ ਕਾਂਗੜ ਵਿੱਚ ਪੁਲੀਸ ਪੁਰਾਣੇ ਮਕਾਨ ਦਾ ਜਾਇਜ਼ਾ ਲੈਂਦੀ ਹੋਈ, (ੲਿਨਸੈੱਟ) ਪੁਰਾਣੇ ਗਰਨੇਡ ਦੀ ਤਸਵੀਰ।

ਬਠਿੰਡਾ, 15 ਫਰਵਰੀ : ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਂਗੜ ਵਿੱਚੋਂ ਅੱਜ ਗਰਨੇਡ ਮਿਲਿਆ, ਜਿਸ ਦੀ ਜਾਂਚ ਵਿੱਚ ਪੁਲੀਸ ਜੁਟ ਗਈ ਹੈ। ਪਿੰਡ ਕਾਂਗੜ ਦੇ ਇੱਕ ਪੁਰਾਣੇ ਘਰ ਨੂੰ ਗੁਰਦੁਆਰੇ ਨਾਲ ਮਿਲਾਇਆ ਜਾ ਰਿਹਾ ਸੀ ਕਿ ਕਾਰ ਸੇਵਾ ਦੌਰਾਨ ਮਕਾਨ ਦੀ ਕੰਧ ਥੱਲਿਓਂ ਗਰਨੇਡ ਮਿਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਂਗਡ਼ ਦੇ ਸੁਖਮੰਦਰ ਸਿੰਘ ਨੇ ਪਿੰਡ ਦੇ ਗੁਰੂ ਘਰ ਨੂੰ ਆਪਣਾ ਇੱਕ ਕਨਾਲ ਮਕਾਨ ਦਾਨ ਵਜੋਂ 5 ਜਨਵਰੀ 2016 ਨੂੰ ਦਿੱਤਾ ਸੀ। ਇਸ ਮਕਾਨ ਦੀ ਕੰਧ ਪਿੰਡ ਦੇ ਗੁਰੂਘਰ ਦੇ ਐਨ ਨਾਲ ਲੱਗਦੀ ਸੀ। ਕੰਧ ਢਾਹ ਕੇ ਇਸ ਮਕਾਨ ਨੂੰ ਗੁਰੂ ਘਰ ਵਿੱਚ ਸ਼ਾਮਲ ਕੀਤੇ ਜਾਣ ਵਾਸਤੇ ਕਾਰ ਸੇਵਾ ਦਾ ਕੰਮ ਚੱਲ ਰਿਹਾ ਸੀ ਕਿ ਕੰਧ ਥੱਲਿਓਂ ਗਰਨੇਡ ਮਿਲਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਫੌਜ ਦੇ ਬੰਬ ਡਿਸਪੋਜ਼ਲ ਸਕੁਐਡ ਨੂੰ ਫੌਰੀ ਬੁਲਾ ਲਿਆ। ਦੇਰ ਸ਼ਾਮ ਭਾਰਤੀ ਫੌਜ ਦਾ 12 ਮੈਂਬਰੀ ਦਸਤਾ ਪਿੰਡ ਕਾਂਗੜ ਪੁੱਜ ਗਿਆ। ਥਾਣਾ ਦਿਆਲਪੁਰਾ ਵਿੱਚ ਪੁਲੀਸ ਨੇ ਪਿੰਡ ਕਾਂਗੜ ਦੇ ਹਰਮਿੰਦਰ ਸਿੰਘ ਦੇ ਬਿਆਨਾਂ ’ਤੇ ਐਕਸਪਲੋਸਿਵ ਐਕਟ ਦੀ ਧਾਰਾ 4/5 ਤਹਿਤ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਇਸ ਗਰਨੇਡ ’ਤੇ 1964 ਦਾ ਮਾਅਰਕਾ ਲੱਗਾ ਹੋਇਆ ਹੈ। ਪਿੰਡ ਦੇ ਲੋਕਾਂ ਨੇ ਇਸ ਗਰਨੇਡ ਨੂੰ ਕੰਧ ’ਤੇ ਰੱਖ ਦਿੱਤਾ। ਜੇਕਰ ਕੋਈ ਅਣਜਾਣ ਇਸ ਗਰਨੇਡ ਦਾ ਸੇਫਟੀ ਪਿੰਨ ਕੱਢ ਦਿੰਦਾ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ। ਪਤਾ ਲੱਗਦੇ ਹੀ ਫੂਲ ਦੇ ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ ਪੁੱਜ ਗਏ ਜਿਨ੍ਹਾਂ ਨੇ ਗਰਨੇਡ ਨੂੰ ਕਬਜ਼ੇ ਵਿੱਚ ਲੈ ਕੇ ਪਿੰਡ ਕਾਂਗੜ ਵਿੱਚ ਹੀ ਸੁਰੱਖਿਅਤ ਥਾਂ ’ਤੇ ਰੱਖਿਆ। ਦੇਰ ਸ਼ਾਮ ਬਠਿੰਡਾ ਛਾਉਣੀ ਦੇ ਦਸਤੇ ਨੇ ਪਿੰਡ ਕਾਂਗੜ ਵਿੱਚ ਇਸ ਗਰਨੇਡ ਨੂੰ ਨਕਾਰਾ ਕਰਨ ਦੀ ਕਾਰਵਾਈ ਵਿੱਢੀ। ਤਫਤੀਸ਼ੀ ਅਫਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ ’ਤੇ ਭਾਰਤੀ ਫੌਜ ਦੇ ਦਸਤੇ ਨੇ ਦੇਰ ਸ਼ਾਮ ਗਰਨੇਡ ਨੂੰ ਨਕਾਰਾ ਕਰਨ ਦੀ ਕਾਰਵਾਈ ਵਿੱਢ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਬੰਬ ਨੂੰ ਨਕਾਰਾ ਕੀਤਾ ਜਾ ਰਿਹਾ ਸੀ।
ਮਕਾਨ ਮਾਲਕ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਕਰੀਬ 60 ਸਾਲ ਪਹਿਲਾਂ ਇਹ ਮਕਾਨ ਬਣਾਇਆ ਸੀ ਅਤੇ ਹੁਣ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਉਹ ਖੁਦ ਵੀ ਹੈਰਾਨ ਸੀ ਕਿ ਇਹ ਗਰਨੇਡ ਇੱਥੇ ਕਿਵੇਂ ਪੁੱਜ ਗਿਆ। ਜਾਣਕਾਰੀ ਅਨੁਸਾਰ ਇਸ ਮਕਾਨ ਦੇ ਆਸ-ਪਾਸ ਵੀ ਕਾਫੀ ਪੁਰਾਣੇ ਮਕਾਨ ਬਣੇ ਹੋਏ ਹਨ।
ਮਾਮਲੇ ਦੀ ਪੜਤਾਲ ਹੋਵੇਗੀ
ਫੂਲ ਦੇ ਡੀ.ਐਸ.ਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਗਰਨੇਡ ਕਰੀਬ ਪੰਜਾਹ ਸਾਲ ਪੁਰਾਣਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਪੁਲੀਸ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਗਰਨੇਡ ਮਕਾਨ ਵਿੱਚ ਕਿਵੇਂ ਅਤੇ ਕਦੋਂ ਪੁੱਜਿਆ, ਇਸ ਦੀ ਬਕਾਇਦਾ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਦੇਰ ਸ਼ਾਮ ਗਰਨੇਡ ਨੂੰ ਨਕਾਰਾ ਕਰਨ ਵਾਸਤੇ ਪੁੱਜ ਗਈ ਹੈ।



from Punjab News – Latest news in Punjabi http://ift.tt/1Od4tVv
thumbnail
About The Author

Web Blog Maintain By RkWebs. for more contact us on rk.rkwebs@gmail.com

0 comments