ਜੇਐਨਯੂ ਬਣੀ ਸਿਆਸਤ ਦਾ ਅਖਾਡ਼ਾ

 ਕਨ੍ਹੱਈਆ ਕੁਮਾਰ

ਕਨ੍ਹੱਈਆ ਕੁਮਾਰ

ਨਵੀਂ ਦਿੱਲੀ, 13 ਫਰਵਰੀ : ਦੇਸ਼ਧ੍ਰੋਹ ਦੇ ਦੋਸ਼ ’ਚ ਫਡ਼ੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਰਿਹਾਈ ਦੀ ਮੰਗ ਲਈ ਹੋ ਰਹੇ ਪ੍ਰਦਰਸ਼ਨਾਂ ’ਚ ਅੱਜ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਮੈਦਾਨ ’ਚ ਉਤਰ ਆਏ। ਉਧਰ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਯੂਨੀਵਰਸਿਟੀ ਨੂੰ ‘ਦੇਸ਼ ਵਿਰੋਧੀ’ ਸਰਗਰਮੀਆਂ ਦਾ ਅੱਡਾ ਨਹੀਂ ਬਣਨ ਦਿੱਤਾ ਜਾਵੇਗਾ।
ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀਪੀਆਈ ਦੇ ਸਕੱਤਰ ਡੀ ਰਾਜਾ ਅਤੇ ਜਨਤਾ ਦਲ (ਯੂ) ਦੇ ਤਰਜਮਾਨ ਕੇ ਸੀ ਤਿਆਗੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਕਨ੍ਹਈਆ ਕੁਮਾਰ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
ਜੇਐਨਯੂ ਵਿਵਾਦ ਨੇ ਸਿਆਸੀ ਅਖਾਡ਼ੇ ਦਾ ਰੂਪ ਧਾਰ ਲਿਆ ਹੈ ਅਤੇ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਰੋਧੀ ਉਹ ਲੋਕ ਹਨ, ਜਿਹਡ਼ੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸੰਘੀ ਘੁਟ ਰਹੇ ਹਨ। ਭਾਜਪਾ ਨੇ ਰਾਹੁਲ ’ਤੇ ਵਾਰ ਕਰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਲਸ਼ਕਰ-ਏ-ਤੋਇਬਾ ਦੇ ਦਹਿਸ਼ਤਗਰਦ ਹਾਫ਼ਿਜ਼ ਸਈਦ ਦੀ ਬੋਲੀ ਬੋਲ ਰਹੇ ਹਨ ਜਿਨ੍ਹਾਂ ਟਵੀਟ ਕਰ ਕੇ ਜੇਐਨਯੂ ’ਚ ਦੇਸ਼ ਵਿਰੋਧੀ ਪ੍ਰਦਰਸ਼ਨ ਦੀ ਹਮਾਇਤ ਕੀਤੀ। ਕਾਂਗਰਸ ਉਪ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਜੇਐਨਯੂਐਸਯੂ ਦੀ ਬੈਠਕ ’ਚ ਵੀ ਹਾਜ਼ਰੀ ਭਰੀ। ਰਾਹੁਲ ਗਾਂਧੀ ਦੇ ਆਉਣ ’ਤੇ ਏਬੀਵੀਪੀ ਮੈਂਬਰਾਂ ਦੇ ਧਡ਼ੇ ਨੇ ਉਨ੍ਹਾਂ ਨੂੰ ਕਾਲੀ ਝੰਡੀਆਂ ਵੀ ਦਿਖਾਈਆਂ।
ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਵਿਦਿਆਰਥੀ ਨਿਆਣੇ ਨਹੀਂ ਹਨ ਜਿਨ੍ਹਾਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਹਨ। ‘ਬੋਲਣ ਦੀ ਆਜ਼ਾਦੀ ਦੇ ਨਾਮ ’ਤੇ ਤੁਸੀਂ ਦੇਸ਼ ਨੂੰ ਗਾਲ੍ਹਾਂ ਨਹੀਂ ਕੱਢ ਸਕਦੇ।’
ਡੀ ਰਾਜਾ ਦੀ ਧੀ ਦਾ ਨਾਮ ਵੀ ਪ੍ਰਦਰਸ਼ਨਕਾਰੀਆਂ ਦੀ ਸੂਚੀ ’ਚ ਸ਼ਾਮਲ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਸ੍ਰੀ ਯੇਚੁਰੀ ਨੇ ਕਿਹਾ ਕਿ ਉਨ੍ਹਾਂ ਨੂੰ ਯੂਨੀਵਰਸਿਟੀ ’ਚ ਤਣਾਅ ਦੇ ਮਾਹੌਲ ਤੋਂ ਜਾਣੂ ਕਰਾਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਨੇ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ 20 ਵਿਦਿਆਰਥੀਆਂ ਦੀ ਸੂਚੀ ਜਾਰੀ ਕੀਤੀ ਹੈ ਜਿਸ ’ਚ ਡੀ ਰਾਜਾ ਦੀ ਧੀ ਦਾ ਨਾਮ ਵੀ ਸ਼ਾਮਲ ਹੈ ਪਰ ਨਾਅਰੇ ਲਾਉਣ ਵਾਲੇ ਵਿਦਿਆਰਥੀਆਂ ਦੇ ਵੀਡੀਓ ’ਚ ਉਹ ਕਿਤੇ ਨਜ਼ਰ ਨਹੀਂ ਆਉਂਦੀ। ਸ੍ਰੀ ਰਾਜਨਾਥ ਸਿੰਘ ਨੇ ਬਾਅਦ ’ਚ ਪੱਤਰਕਾਰਾਂ ਨੂੰ ਕਿਹਾ ਕਿ ਕਿਸੇ ਵੀ ਬੇਕਸੂਰ ਨੂੰ ਪਰੇਸ਼ਾਨ ਨਹੀਂ ਕੀਤਾ ਜਾਏਗਾ ਅਤੇ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਦਿੱਲੀ ਪੁਲੀਸ ਕਮਿਸ਼ਨਰ ਬੀ ਐਸ ਬੱਸੀ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰ ਕੇ ਯੂਨੀਵਰਸਿਟੀ ਦੇ ਮਾਹੌਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕਰ ਕੇ ਦਾਅਵਾ ਕੀਤਾ ਕਿ ਪੁਲੀਸ ਕੁਡ਼ੀਆਂ ਦੇ ਹਾਸਟਲ ’ਚ ਦਾਖ਼ਲ ਨਹੀਂ ਹੋਈ ਹੈ।
ਸਾਬਕਾ ਫ਼ੌਜੀਆਂ ਵੱਲੋਂ ਡਿਗਰੀਆਂ ਮੋਡ਼ਨ ਦੀ ਧਮਕੀ: ਇਸ ਤੋਂ ਪਹਿਲਾਂ ਯੂਨੀਵਰਸਿਟੀ ’ਚੋਂ ਪਡ਼੍ਹ ਕੇ ਨਿਕਲੇ ਸਾਬਕਾ ਫ਼ੌਜੀਆਂ ਨੇ ਡਿਗਰੀਆਂ ਮੋਡ਼ਨ ਦੀ ਧਮਕੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਦੇਸ਼ ਵਿਰੋਧੀ ਸਰਗਰਮੀਆਂ ਦਾ ਅੱਡਾ ਬਣਨ ਕਾਰਨ ਉਹ ਇਸ ਨਾਲ ਜੁਡ਼ੇ ਨਹੀਂ ਰਹਿਣਾ ਚਾਹੁੰਦੇ।
ਵਿਦਿਆਰਥੀਆਂ ਵੱਲੋਂ ਸੋਮਵਾਰ ਤੋਂ ਹਡ਼ਤਾਲ ਦੀ ਚਿਤਾਵਨੀ: ਕਨ੍ਹਈਆ ਕੁਮਾਰ ਦੀ ਰਿਹਾਈ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਹੈ ਕਿ ਜੇਕਰ ਉਸ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਸੋਮਵਾਰ ਤੋਂ ਯੂਨੀਵਰਸਿਟੀ ’ਚ ਹਡ਼ਤਾਲ ਕੀਤੀ ਜਾਏਗੀ।
ਚਾਂਸਲਰ ਵੱਲੋਂ ਯੂਨੀਵਰਸਿਟੀ ਦਾ ਦੌਰਾ: ਜੇਐਨਯੂ ਦੇ ਚਾਂਸਲਰ ਅਤੇ ਇਸਰੋ ਦੇ ਸਾਬਕਾ ਮੁਖੀ ਕੇ ਕਸਤੂਰੀਰੰਗਨ ਨੇ ਕੈਂਪਸ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਯੂਨੀਵਰਸਿਟੀ ਦੇ ਚਾਰ ਡੀਨ ਨੇ ਵੀਸੀ ਜਗਦੀਸ਼ ਕੁਮਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਿਸ ਢੰਗ ਨਾਲ ਪੁਲੀਸ ਨੇ ਛਾਪੇਮਾਰੀ ਕੀਤੀ ਹੈ, ਉਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
ਐਚਆਰਡੀ ਮੰਤਰਾਲੇ ਨੇ ਮੰਗੀ ਰਿਪੋਰਟ: ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਇਸ ਮੁੱਦੇ ’ਤੇ ਯੂਨੀਵਰਸਿਟੀ ਤੋਂ ਰਿਪੋਰਟ ਮੰਗ ਲਈ ਹੈ। ਉਂਜ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ ਪੱਤਰ ਨਹੀਂ ਮਿਲਿਆ ਹੈ।

ਕੇਜਰੀਵਾਲ ਸਰਕਾਰ ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ
ਨਵੀਂ ਦਿੱਲੀ: ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੈਂਪਸ ’ਚ ਦੇਸ਼ ਵਿਰੋਧੀ ਨਾਅਰੇ ਲੱਗਣ ਦੇ ਮਾਮਲੇ ਦੀ ਜਾਂਚ ਦਿੱਲੀ ਸਰਕਾਰ ਨੇ ਜ਼ਿਲ੍ਹਾ ਮੈਜਿਸਟਰੇਟ ਤੋਂ ਕਰਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਮਾਮਲੇ ਦੀ ਪੂਰੀ ਤਹਿਕੀਕਾਤ ਕੀਤੀ ਜਾਏਗੀ। ਇਹ ਹੁਕਮ ਉਸ ਸਮੇਂ ਜਾਰੀ ਕੀਤੇ ਗੲੇ ਹਨ ਜਦੋਂ ਖੱਬੇ ਪੱਖੀ ਆਗੂਆਂ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ 9 ਫਰਵਰੀ ਨੂੰ ਵਾਪਰੀ ਘਟਨਾ ਦੀ ਮੈਜਿਸਟਰੇਟ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਸੀ।



from Punjab News – Latest news in Punjabi http://ift.tt/243eobE
thumbnail
About The Author

Web Blog Maintain By RkWebs. for more contact us on rk.rkwebs@gmail.com

0 comments