ਫਰੀਦਕੋਟ : ਕਰੀਬ ਦਸ ਸਾਲ ਪੁਰਾਣੇ ਫੌਜਦਾਰੀ ਮੁਕੱਦਮੇ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਦਾਲਤ ‘ਚ ਕਿਹਾ ਕਿ ਉਨ੍ਹਾਂ ਖਿਲਾਫ਼ ਦਰਜ ਕਰਵਾਇਆ ਗਿਆ ਮੁਕੱਦਮਾ ਝੂਠਾ ਅਤੇ ਬੇਬੁਨਿਆਦ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਨਰੇਸ਼ ਸਹਿਗਲ ਨਾਲ ਕਦੇ ਵੀ ਕੋਈ ਝਗੜਾ ਨਹੀਂ ਹੋਇਆ। ਅਦਾਲਤ ਨੇ ਬਿਆਨ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 25 ਫਰਵਰੀ ਤੱਕ ਮੁਲਤਵੀ ਕਰ ਦਿੱਤੀ। 25 ਫਰਵਰੀ ਨੂੰ ਸੁਖਬੀਰ ਸਿੰਘ ਬਾਦਲ ਆਪਣੀ ਸਫ਼ਾਈ ਦੇ ਗਵਾਹ ਅਦਾਲਤ ਸਾਹਮਣੇ ਪੇਸ਼ ਕਰਨਗੇ। ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਸਮੇਂ ਸ਼ਿਕਾਇਤ ਕਰਤਾ ਨਰੇਸ਼ ਸਹਿਗਲ ਵੀ ਅਦਾਲਤ ਵਿੱਚ ਹਾਜਰ ਸੀ। ਨਰੇਸ਼ ਸਹਿਗਲ ਨੇ ਅਦਾਲਤ ਵਿੱਚ ਇੱਕ ਹੋਰ ਅਰਜੀ ਦੇ ਕੇ ਕੁਝ ਗਵਾਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੰਨ 1999 ਵਿੱਚ ਇੱਕ ਅਖਬਾਰ ਦੇ ਪੱਤਰਕਾਰ ਨੇ ਉਸ ਦਾ ਕੈਮਰਾ ਖੋਹਣ ਅਤੇ ਕੁੱਟ ਮਾਰ ਦੀ ਸ਼ਿਕਾਇਤ ਥਾਣਾ ਸਿਟੀ ਕੋਟਕਪੂਰਾ ‘ਚ ਦਰਜ ਕਰਵਾਈ ਸੀ ਅਤੇ 2006 ਵਿੱਚ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਫ਼ੌਜਦਾਰੀ ਦਾ ਕੇਸ ਥਾਣਾ ਸਿਟੀ ਕੋਟਕਪੂਰਾ ਵਿਖੇ ਦਰਜ ਹੋਇਆ ਸੀ। ਸੁਖਬੀਰ ਨੂੰ ਅੱਜ ਦੂਸਰੀ ਵਾਰ ਇਸ ਕੇਸ ਸਬੰਧੀ ਅਦਾਲਤ ਅੱਗੇ ਹਾਜ਼ਰੀ ਲਗਵਾਉਣੀ ਪਈ ਹੈ। ਪੇਸ਼ੀ ਤੋਂ ਪਹਿਲਾਂ ਪ੍ਰਸ਼ਾਸ਼ਨ ਨੇ ਜਿਲ੍ਹਾ ਕਚਿਹਰੀਆਂ ਵਿੱਚ ਵੱਡੇ ਪੱਧਰ ‘ਤੇ ਪੁਲਸ ਫੋਰਸ ਤਾਇਨਾਤ ਕੀਤੀ ਹੋਈ ਸੀ ਜਿਸ ਕਰਕੇ ਅਦਾਲਤ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੁਖਬੀਰ ਸਿੰਘ ਬਾਦਲ ਦੀ ਇੱਥੇ ਪੇਸ਼ੀ ਸਮੇਂ ਉਨ੍ਹਾਂ ਨਾਲ ਯੂਥ ਵੈਲਫੇਅਰ ਬੋਰਡ ਦੇ ਚੇਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ, ਐਡਵੋਕੇਟ ਸ਼ਿਵਕਰਤਾਰ ਸਿੰਘ ਸੇਖੋਂ, ਮਨਤਾਰ ਸਿੰਘ ਬਰਾੜ, ਵਿਧਾਇਕ ਦੀਪ ਮਲਹੋਤਰਾ, ਪ੍ਰਕਾਸ਼ ਸਿੰਘ ਭੱਟੀ, ਗੁਰਚੇਤ ਸਿੰਘ ਿਢੱਲੋਂ ਆਦਿ ਹਾਜਰ ਸਨ। ਉਪ ਮੁੱਖ ਮੰਤਰੀ ਅਦਾਲਤ ਵਿੱਚ ਹਾਜਰ ਹੋਣ ਤੋਂ ਪਹਿਲਾਂ ਵਿਧਾਇਕ ਦੀਪ ਮਲਹੋਤਰਾ ਦੇ ਘਰ ਵੀ ਗਏ ਜਿੱਥੇ ਉਹ ਪਾਰਟੀ ਵਰਕਰਾਂ ਨੂੰ ਵੀ ਮਿਲੇ।
from Punjab News – Latest news in Punjabi http://ift.tt/23OZQwk
0 comments