ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਨਿਚਰਵਾਰ ਨੂੰ ਪੰਜਾਬ ਦੇ ਵਿਕਾਸ ਦੇ ਅਸਲ ਅੰਕੜੇ ਲੋਕਾਂ ਸਾਹਮਣੇ ਰੱਖਿਦਿਆਂ ਸਾਰੇ ਸਿੱਖਾਂ ਸਮੇਤ ਸਾਰੇ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਸੌੜੇ ਹਿੱਤਾਂ ਤੋਂ ਉੱਪਰ ਉੱਠਣ ਅਤੇ ਪੰਜਾਬ ਤੇ ਪੰਜਾਬੀਆਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਖ਼ਿਲਾਫ਼ ਇਕਜੁਟ ਹੋ ਕੇ ਪੰਜਾਬ ਨੂੰ ਕੰਗਾਲ ਅਤੇ ਨਸ਼ੱਈ ਕਹਿਣ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ। ਇੱਥੇ ਲੋਕ ਕਚਹਿਰੀ ਵਿਚ 90 ਮਿੰਟ ਦੀ ਇਕ ਪਾਵਰ ਪੁਆਇੰਟ ਪੇਸ਼ਕਾਰੀ ਤੋਂ ਬਾਅਦ ਉਨ੍ਹਾਂ ਬੁੱਧੀਜੀਵੀਆਂ ਨੂੰ ਪੰਜਾਬ ਦੀ ਅਸਲ ਤਸਵੀਰ ਦੇ ਰੂਬਰੂ ਕਰਵਾਇਆ ਅਤੇ ਪੰਜਾਬ ਸਰਕਾਰ ਦੇ ਵਿਕਾਸ ਤੇ ਵਿਕਾਸਮੁਖੀ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ।
ਵਿਰੋਧੀਆਂ ਵੱਲੋਂ ਸੋਸ਼ਲ ਮੀਡੀਆ ਅਤੇ ਕੌਮੀ ਚੈਨਲਾਂ ‘ਤੇ ਸ਼ੁਰੂ ਕੀਤੀ ਨਾਕਰਾਤਮਕ ਮੁਹਿੰਮ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਕਿ ਪੰਜਾਬ ਦੀ ਤਰੱਕੀ ਰੜਕਦੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ 2002-07 ਦੌਰਾਨ ਕੁੱਲ ਵੈੱਟ 19960 ਕਰੋੜ ਰੁਪਏ ਇਕੱਠਾ ਕੀਤਾ ਗਿਆ ਸੀ ਜਦਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ 2007-12 ਦੀ ਸਰਕਾਰ ਦੌਰਾਨ ਇਹੀ ਰਕਮ 44209 ਕਰੋੜ ਰੁਪਏ ਸੀ ਜੋ ਕਿ ਹੁਣ ਵੱਧ ਕੇ 62706 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਾਂਗਰਸ ਦੇ 2002-07 ਦੇ ਰਾਜ ਦੌਰਾਨ ਸੂਬੇ ਦਾ ਐਕਸਾਈਜ਼ 7314 ਕਰੋੜ ਰੁਪਏ ਸੀ ਜਦਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੌਰਾਨ ਇਹ 10900 ਕਰੋੜ ਰੁਪਏ ਅਤੇ ਮੌਜੂਦਾ ਸਰਕਾਰ ਵਿਚ ਹੁਣ ਤੱਕ 16448 ਕਰੋੜ ਰੁਪਏ ਹੋ ਗਿਆ ਹੈ। ਸੁਖਬੀਰ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕੀ ਸੁਧਾਰਾਂ ਵਿਚ ਵੀ ਪੰਜਾਬ ਨੂੰ ਅੱਵਲ ਹੋਣ ਦਾ ਐਵਾਰਡ ਮਿਲਿਆ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਿਰਫ 18500 ਨੌਕਰੀਆਂ ਦਿੱਤੀਆਂ ਸਨ ਜਦਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੌਰਾਨ 1.20 ਲੱਖ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਹੋਇਆ ਹੈ ਜਦੋਂ ਸਿੱਖਾਂ ਤੇ ਹੋਰ ਭਾਈਚਾਰਿਆਂ ਦੇ ਸਾਰੇ ਧਾਰਮਿਕ ਦਿਨ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਏ ਗਏ ਹਨ ਅਤੇ ਪੰਜਾਬ ਨੂੰ ਸੈਰ-ਸਪਾਟੇ ਦੇ ਤੌਰ ‘ਤੇ ਵਿਸ਼ਵ ਦੇ ਨਕਸ਼ੇ ਉੱਤੇ ਲਿਆਂਦਾ ਗਿਆ ਹੈ। ਇਸ ਮੌਕੇ ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ, ਸੁਖਦੇਵ ਸਿੰਘ ਢੀਂਡਸਾ, ਓਂਕਾਰ ਸਿੰਘ ਥਾਪਰ ਤੇ ਅਵਤਾਰ ਸਿੰਘ ਹਿੱਤ ਵੀ ਹਾਜ਼ਰ ਸਨ।
from Punjab News – Latest news in Punjabi http://ift.tt/1W0CEVZ
0 comments