ਜਲੰਧਰ, 11 ਫਰਵਰੀ : ਦੋਹਰੀ ਨਾਗਰਿਕਤਾ ਦੇ ਮਾਮਲੇ ਵਿੱਚ ਅਦਾਲਤੀ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੂੰ ਅੱਜ ਉਸ ਵੇਲੇ ਰਾਹਤ ਮਿਲੀ ਜਦੋਂ ਉਸ ਵਿਰੁੱਧ ਹੋਰ ਦੋਸ਼ਾਂ ਅਧੀਨ ਵੀ ਸੁਣਵਾਈ ਕਰਨ ਵਾਲੀ ਅਰਜ਼ੀ ਅਦਾਲਤ ਵੱਲੋਂ ਖਾਰਜ ਕਰ ਦਿੱਤੀ ਗਈ। ਐਨ.ਆਰ.ਆਈ. ਅਦਾਲਤ ਵਿੱਚ ਚੱਲ ਰਹੇ ਇਸ ਮਾਮਲੇ ਵਿੱਚ ਸੀਨੀਅਰ ਡਿਵੀਜ਼ਨ-ਕਮ-ਸੀ.ਜੇ.ਐਮ. ਮਨਦੀਪ ਮਿੱਤਲ ਦੀ ਅਦਾਲਤ ਨੇ ਬੀਤੇ ਕੱਲ੍ਹ ਸੁਣਵਾਈ ਕੀਤੀ ਸੀ ਅਤੇ ਅੱਜ ਇਸ ’ਤੇ ਫੈਸਲਾ ਸੁਣਾਉਂਦਿਆਂ ਇਸ ਨੂੰ ਖਾਰਜ ਕਰ ਦਿੱਤਾ।
ਆਰ.ਟੀ.ਆਈ. ਕਾਰਕੁਨ ਅਜੇ ਸਹਿਗਲ ਨੇ ਅਰਜ਼ੀ ਦਾਇਰ ਕਰਕੇ ਅਦਾਲਤ ਕੋਲੋਂ ਮੰਗ ਕੀਤੀ ਸੀ ਕਿ ਹੈਨਰੀ ਵਿਰੁੱਧ ਪਹਿਲਾਂ ਹੀ ਚੱਲ ਰਹੇ ਕੇਸ ਵਿੱਚ ਵਾਧੂ ਚਾਰਜ ਵੀ ਸ਼ਾਮਲ ਕੀਤੇ ਜਾਣ, ਜਿਨ੍ਹਾਂ ਵਿੱਚ ਪਾਸਪੋਰਟ ਐਕਟ, ਵਿਦੇਸ਼ੀ ਐਕਟ, ਆਫੀਸ਼ੀਅਲ ਸੀਕਰੇਸੀ ਐਕਟ ਅਤੇ 181, 182, 420, 467, 468, 471 ਆਈ.ਪੀ.ਸੀ. ਦੀਆਂ ਧਾਰਾਵਾਂ ਲਾਉਣ ਦੀ ਮੰਗ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ ਦੀ ਪਹਿਲੀ ਪਤਨੀ ਤੋਂ ਹੋਏ ਪੁੱਤਰ ਗੁਰਜੀਤ ਸਿੰਘ ਸੰਘੇੜਾ ਨੇ ਅਦਾਲਤ ਵਿੱਚ ਕੇਸ ਕੀਤਾ ਹੋਇਆ ਸੀ ਕਿ ਉਸ ਦੇ ਪਿਤਾ ਅਵਤਾਰ ਹੈਨਰੀ ਵੱਲੋਂ ਆਪਣਾ ਨਾਂ ਅਤੇ ਆਪਣੇ ਪਿਤਾ ਦਾ ਨਾਂ, ਜਨਮ ਸਥਾਨ ਤੇ ਜਨਮ ਤਰੀਕ ਬਦਲ ਕੇ ਬਰਤਾਨੀਆ ਦੀ ਨਾਗਰਿਕਤਾ ਹਾਸਲ ਕੀਤੀ ਗਈ ਸੀ। ਬਰਤਾਨਵੀ ਨਾਗਰਿਕ ਹੁੰਦਿਆਂ ਹੀ ਉਨ੍ਹਾਂ ਨੇ ਭਾਰਤੀ ਪਾਸਪੋਰਟ ਵੀ ਬਣਾ ਲਿਆ ਸੀ। ਇਸ ਮਾਮਲੇ ਦੀ ਸ਼ਿਕਾਇਤ ਉਸ ਵੱਲੋਂ ਪਾਸਪੋਰਟ ਦਫਤਰ ਵਿੱਚ ਕੀਤੀ ਗਈ ਸੀ। ਦੋਹਰੀ ਨਾਗਰਿਕਤਾ ਦੇ ਮਾਮਲੇ ’ਚ ਫਸੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੂੰ ਵਿਦੇਸ਼ ਮੰਤਰਾਲੇ ਅੱਗੇ ਵੀ ਪੇਸ਼ ਹੋਣਾ ਪਿਆ ਸੀ ਅਤੇ ਸਾਲ 2012 ਵਿੱਚ ਉਨ੍ਹਾਂ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਸੀ। ਹਾਈ ਕੋਰਟ ਦੀਆਂ ਹਦਾਇਤਾਂ ’ਤੇ ਹੀ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦਿੱਤੀ ਸੀ, ਜੋ ਕਿ ਅਵਤਾਰ ਹੈਨਰੀ ਵਿਰੁੱਧ ਗਈ ਸੀ।
ਅੱਜ ਦੇ ਹੋਏ ਫ਼ੈਸਲੇ ਬਾਰੇ ਬਚਾਅ ਪੱਖ ਦੇ ਵਕੀਲ ਵੀ.ਕੇ. ਸਰੀਨ ਨੇ ਦੱਸਿਆ ਕਿ ਬੀਤੇ ਕੱਲ੍ਹ ਲੰਬੀ ਬਹਿਸ ਹੋਈ ਸੀ, ਜਿਸ ਦੀ ਸੁਣਵਾਈ ਹੋਣ ਤੋਂ ਬਾਅਦ ਅਦਾਲਤ ਨੇ ਅੱਜ ਫ਼ੈਸਲਾ ਸੁਣਾਉਣ ਦਾ ਦਿਨ ਨਿਸ਼ਚਿਤ ਕੀਤਾ ਸੀ। ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਵਾਧੂ ਦੋਸ਼ ਆਇਦ ਕਰਨ ਦੀ ਅਰਜ਼ੀ ਖਾਰਜ ਕਰ ਦਿੱਤੀ।
from Punjab News – Latest news in Punjabi http://ift.tt/1QaNPHo
0 comments